ਸਰਕਾਰ ਨੂੰ ਮੁੜ ਝੁਕਾਉਣ ਲਈ ਡਟੇ ਕਿਸਾਨ, ਕੁੰਡਲੀ ਬਾਰਡਰ 'ਤੇ ਦੁੱਗਣੀ ਭੀੜ
ਸਰਕਾਰੀ ਰਿਪੋਰਟ ਮੁਤਾਬਕ ਕੁੰਡਲੀ ਬਾਰਡਰ 'ਤੇ 45 ਹਜ਼ਾਰ ਤੋਂ ਜ਼ਿਆਦਾ ਕਿਸਾਨ ਇਕੱਠੇ ਹੋਏ ਹਨ ਤੇ ਉੱਥੇ ਕਿਸਾਨਾਂ ਦੇ ਪਹੁੰਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਰ੍ਹਾਂ ਕਿਸਾਨਾਂ 'ਚ ਜੋਸ਼ ਦੇਖਦਿਆਂ ਸਰਕਾਰ 'ਤੇ ਮੁੜ ਤੋਂ ਦਬਾਅ ਬਣਨਾ ਸ਼ੁਰੂ ਹੋ ਗਿਆ ਹੈ।
ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਨੂੰ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਇਸ ਦੌਰਾਨ 26 ਜਨਵਰੀ ਨੂੰ ਟ੍ਰੈਕਟਰ ਪਰੇਡ 'ਚ ਹੋਈ ਹਿੰਸਾ ਤੋਂ ਬਾਅਦ ਅੰਦੋਲਨ ਦੇ ਹਾਲਾਤ ਬਦਲ ਰਹੇ ਹਨ ਤੇ ਸਰਕਾਰ ਸਖਤ ਹੋ ਗਈ ਹੈ ਪਰ ਇਸ ਦੇ ਬਾਵਜੂਦ ਕਿਸਾਨ ਅੰਦੋਲਨ 'ਚ ਕਿਸਾਨਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ।
ਸਰਕਾਰੀ ਰਿਪੋਰਟ ਮੁਤਾਬਕ ਕੁੰਡਲੀ ਬਾਰਡਰ 'ਤੇ 45 ਹਜ਼ਾਰ ਤੋਂ ਜ਼ਿਆਦਾ ਕਿਸਾਨ ਇਕੱਠੇ ਹੋਏ ਹਨ ਤੇ ਉੱਥੇ ਕਿਸਾਨਾਂ ਦੇ ਪਹੁੰਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਰ੍ਹਾਂ ਕਿਸਾਨਾਂ 'ਚ ਜੋਸ਼ ਦੇਖਦਿਆਂ ਸਰਕਾਰ 'ਤੇ ਮੁੜ ਤੋਂ ਦਬਾਅ ਬਣਨਾ ਸ਼ੁਰੂ ਹੋ ਗਿਆ ਹੈ। ਕਿਸਾਨ ਲੀਡਰਾਂ ਨੇ ਭਾਂਪ ਲਿਆ ਕਿ ਜਦੋਂ ਤਕ ਸਰਕਾਰ 'ਤੇ ਦਬਾਅ ਨਹੀਂ ਬਣਾਇਆ ਜਾਵੇਗਾ ਉਦੋਂ ਤਕ ਸਰਕਾਰ ਵੱਲੋਂ ਗੱਲਬਾਤ ਦਾ ਪ੍ਰਸਤਾਵ ਨਹੀਂ ਮਿਲਣਾ।
ਹਾਲਾਂਕਿ ਪਹਿਲਾਂ ਕਈ ਵਾਰ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਹੋ ਚੁੱਕੀ ਹੈ ਪਰ ਇਹ ਵਾਰਤਾ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ। ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨ ਰੱਦ ਨਹੀਂ ਕਰੇਗੀ ਤੇ ਕਿਸਾਨਾਂ ਦਾ ਕਹਿਣਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਨਾ ਹੋਣ ਤਕ ਉਹ ਅੰਦੋਲਨ ਖਤਮ ਨਹੀਂ ਕਰਨਗੇ।
ਹੁਣ ਸਰਕਾਰ ਕਿਸਾਨ ਅੰਦੋਲਨ ਨੂੰ ਲੈ ਕੇ ਜਿਸ ਤਰ੍ਹਾਂ ਸਖਤੀ ਵਰਤ ਰਹੀ ਹੈ, ਉਸ ਤੋਂ ਬਾਅਦ ਕਿਸਾਨਾਂ ਨੂੰ ਹੋਰ ਵੀ ਸਮਰਥਨ ਮਿਲਣ ਲੱਗਿਆ ਹੈ। ਅੰਤਰਰਾਸ਼ਟਰੀ ਪੱਧਰ ਦੀਆਂ ਹਸਤੀਆਂ ਕਿਸਾਨਾਂ ਦੇ ਪੱਖ 'ਚ ਨਿੱਤਰੀਆਂ ਹਨ। ਸਰਕਾਰ ਹੁਣ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਇਸ ਅੰਦੋਲਨ ਨੂੰ ਖਤਮ ਕਰਾਉਣ ਦੀ ਵਿਉਂਤਬੰਦੀ ਕਰ ਰਹੀ ਹੈ।
ਟ੍ਰੈਕਟਰ ਪਰੇਡ ਦੌਰਾਨ ਦਿੱਲੀ 'ਚ ਬਵਾਲ ਤੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਏ ਜਾਣ ਤੋਂ ਬਾਅਦ ਅੰਦੋਲਨ ਨੂੰ ਝਟਕਾ ਲੱਗਾ ਸੀ। ਇੱਕ ਵਾਰ ਤਾਂ ਸਭ ਨੂੰ ਲੱਗਾ ਸੀ ਕਿ ਸ਼ਾਇਦ ਹੁਣ ਅੰਦੋਲਨ ਦਾ ਅੰਤ ਆ ਗਿਆ ਹੈ ਪਰ ਨਹੀਂ ਹੁਣ ਹੌਲੀ ਹੌਲੀ ਕਿਸਾਨਾਂ ਨੇ ਮੁੜ ਦਿੱਲੀ ਵੱਲ ਮੂੰਹ ਮੋੜੇ ਹਨ ਤੇ ਵੱਡੀ ਗਿਣਤੀ ਕਿਸਾਨ ਇਸ ਅੰਦੋਲਨ 'ਚ ਸ਼ਾਮਲ ਹੋ ਰਹੇ ਹਨ। ਇਸ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੀ ਗਿਣਤੀ ਵਧ ਰਹੀ ਹੈ। ਕੁੰਡਲੀ ਬਾਰਡਰ 'ਤੇ 45 ਹਜ਼ਾਰ ਕਿਸਾਨ ਡਟੇ ਹੋਏ ਹਨ। ਇਸ ਤੋਂ ਬਾਅਦ ਹੋਰ ਕਿਸਾਨਾਂ ਦਾ ਪਹੁੰਚਣਾ ਵੀ ਜਾਰੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ