ਨਵੀਂ ਦਿੱਲੀ: ਸੋਹਾਰਬੁੱਦੀਨ ਸ਼ੇਖ ਮੁਠਭੇੜ ਮਾਮਲੇ ਦੀ ਸੁਣਵਾਈ ਕਰਨ ਵਾਲੇ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਬੀ.ਐਚ. ਲੋਇਆ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਦੀ ਜਾਂਚ ਬਾਰੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਇਸ ਸ਼ੱਕੀ ਮੌਤ ਦਾ ਵੀ ਜ਼ਿਕਰ ਕੀਤਾ। ਪੱਤਰਕਾਰ ਮਿਲਣੀ ਵਿੱਚ ਜਦੋਂ ਜੱਜਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਵਿਵਾਦ ਜਸਟਿਸ ਲੋਇਆ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਨਾਲ ਜੁੜਿਆ ਹੈ? ਤਾਂ ਜਵਾਬ ਵਿੱਚ ਜਸਟਿਸ ਗੋਗੋਈ ਨੇ ਕਿਹਾ,"ਜੀ ਹਾਂ।"


ਜਸਟਿਸ ਲੋਇਆ ਦੀ ਮੌਤ-

ਜਸਟਿਸ ਬੀ.ਐਚ. ਲੋਇਆ ਦੀ ਮੌਤ ਇੱਕ ਦਸੰਬਰ 2014 ਨੂੰ ਨਾਗਪੁਰ ਵਿੱਚ ਹੋਈ ਸੀ। ਉਸ ਸਮੇਂ ਉਹ ਆਪਣੇ ਕਿਸੇ ਸਾਥੀ ਦੀ ਧੀ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸੀ। ਜਸਟਿਸ ਲੋਇਆ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ ਪਰ ਉਨ੍ਹਾਂ ਦੀ ਭੈਣ ਵੱਲੋਂ ਸਵਾਲ ਚੁੱਕੇ ਜਾਣ ਤੋਂ ਬਾਅਦ ਮੀਡੀਆ ਰਿਪੋਰਟਾਂ ਵਿੱਚ ਜਸਟਿਸ ਲੋਇਆ ਦੀ ਮੌਤ ਦਾ ਸਬੰਧ ਬਹੁ-ਚਰਚਿਤ ਸੋਹਰਾਬੁੱਦੀਨ ਕੇਸ ਨਾਲ ਜੁੜੇ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ।

ਇਸ ਤੋਂ ਬਾਅਦ ਕਾਂਗਰਸ ਨੇਤਾ ਤਹਿਸੀਨ ਪੂਨਾਵਾਲਾ, ਪੱਤਰਕਾਰ ਬੀ.ਆਰ. ਲੋਨੇ ਤੇ ਬੰਬੇ ਲੌਇਰਜ਼ ਐਸੋਸੀਏਸ਼ਨ ਨੇ ਵੱਖ-ਵੱਖ ਅਦਾਲਤਾਂ ਵਿੱਚ ਜਸਟਿਸ ਲੋਇਆ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਵਾਉਣ ਦੀ ਮੰਗ ਹਿੱਤ ਪਟੀਸ਼ਨਾਂ ਪਾਈਆਂ ਹੋਈਆਂ ਹਨ।

ਅੱਜ ਸੁਪਰੀਮ ਕੋਰਟ ਵਿੱਚ ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਸ਼ਾਂਤਨਾਗੌਡਰ ਦੇ ਬੈਂਚ ਵੱਲੋਂ ਲੋਇਆ ਦੀ ਮੌਤ ਵਾਲੀ ਦੀ ਸੱਚਾਈ ਜਾਣਨ ਲਈ ਦਾਇਰ ਪਟੀਸ਼ਨ 'ਤੇ ਸੁਣਵਾਈ ਵੀ ਕੀਤੀ ਗਈ। ਬੈਂਚ ਨੇ ਇਸ ਮਸਲੇ ਨੂੰ ਬੇਹੱਦ ਗੰਭੀਰ ਦੱਸਦਿਆਂ ਸੋਮਵਾਰ ਨੂੰ ਮੁੜ ਸੁਣਵਾਈ ਕਰਨ ਦੇ ਹੁਕਮ ਦਿੱਤੇ ਹਨ। ਅੱਜ ਸੁਣਵਾਈ ਸਿਰਫ 2-3 ਮਿੰਟ ਹੀ ਚੱਲੀ।

ਬੈਂਚ ਨੇ ਕਿਹਾ ਕਿ ਮਾਮਲੇ ਵਿੱਚ ਪੋਸਟਮਾਰਟਮ ਰਿਪੋਰਟ ਦੇਖਣੀ ਜ਼ਰੂਰੀ ਹੈ ਤੇ ਉਨ੍ਹਾਂ ਵਕੀਲਾਂ ਨੂੰ ਸੂਬਾ ਸਰਕਾਰ ਤੋਂ ਨਿਰਦੇਸ਼ ਲੈਣ ਲਈ ਵੀ ਕਿਹਾ। ਇਹ ਪਟੀਸ਼ਨ ਸੋਹਰਾਬੁੱਦੀਨ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਲੋਇਆ ਦੀ ਰਹੱਸਮਈ ਮੌਤ ਦਾ ਸੱਚ ਜਾਣਨ ਲਈ ਦਾਇਰ ਕੀਤੀ ਗਈ ਹੈ।

ਸੋਹਰਾਬੁੱਦੀਨ ਸ਼ੇਖ ਐਨਕਾਊਂਟਰ ਮਾਮਲਾ-

ਗੁਜਰਾਤ ਵਿੱਚ ਸੋਹਰਾਬੁੱਦੀਨ ਸ਼ੇਖ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ। ਪੁਲਿਸ ਮੁਤਾਬਕ ਸ਼ੇਖ ਦੇ ਸਬੰਧ ਦਹਿਸ਼ਤਗਰਦਾਂ ਨਾਲ ਸਨ, ਜੋ ਗੁਜਰਾਤ ਵਿੱਚ ਕਿਸੇ ਵੱਡੇ ਸਿਆਸਤਦਾਨ ਦੇ ਕਤਲ ਦੀ ਯੋਜਨਾ ਬਣਾਉਣ ਵਿੱਚ ਸ਼ਾਮਲ ਸੀ। ਗੁਜਰਾਤ ਪੁਲਿਸ ਨੂੰ ਇਹ ਜਾਣਕਾਰੀ ਰਾਜਸਥਾਨ ਪੁਲਿਸ ਤੋਂ ਮਿਲੀ ਤੇ 26 ਨਵੰਬਰ 2005 ਨੂੰ ਅਹਿਮਦਾਬਾਦ ਨੇੜੇ ਮੋਟਰਸਾਈਕਲ 'ਤੇ ਜਾ ਰਹੇ ਸੋਹਰਾਬੁੱਦੀਨ ਨੂੰ ਘੇਰਨਾ ਚਾਹਿਆ ਤਾਂ ਉਸ ਨੇ ਪੁਲਿਸ 'ਤੇ ਗੋਲ਼ੀ ਚਲਾ ਦਿੱਤੀ ਤੇ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਉਸ ਦੀ ਮੌਤ ਹੋ ਗਈ।

ਸੋਹਰਾਬੁੱਦੀਨ ਤੇ ਉਸ ਦੀ ਪਤਨੀ ਕੌਸੇਰ ਬੀ

ਇਸ ਦੇ ਉਲਟ ਗੁਜਰਾਤ ਪੁਲਿਸ 'ਤੇ ਇਲਜ਼ਾਮ ਆਇਆ ਸੀ ਕਿ ਪੁਲਿਸ ਨੇ ਸੋਹਰਾਬੁੱਦੀਨ ਤੇ ਉਸ ਦੀ ਪਤਨੀ ਕੌਸੇਰ ਬੀ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਇਹ ਮਾਮਲਾ ਕਾਫੀ ਭਖ਼ਿਆ ਤੇ ਜਾਂਚ ਸੀ.ਬੀ.ਆਈ. ਕੋਲ ਆ ਗਈ। ਕੇਂਦਰੀ ਏਜੰਸੀ ਨੇ ਕੇਸ ਵਿੱਚ ਭਾਜਪਾ ਦੇ ਮੌਜੂਦਾ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਚਾਰਜਸ਼ੀਟ ਕੀਤਾ ਗਿਆ ਸੀ। ਜਸਟਿਸ ਬ੍ਰਿਜਗੋਪਾਲ ਹਰਿਕਿਸ਼ਨ ਲੋਇਆ ਇਸੇ ਕੇਸ ਦੀ ਸੁਣਵਾਈ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਮੌਤ ਹੋ ਗਈ ਸੀ। ਜੱਜ ਦੇ ਹਥਲੇ ਕੇਸ ਵਿੱਚ ਵੱਡੇ ਬੰਦਿਆਂ ਦੀ ਸ਼ਮੂਲੀਅਤ ਕਾਰਨ ਉਨ੍ਹਾਂ ਦੀ ਮੌਤ ਨੂੰ ਹੋਰ ਵੀ ਸ਼ੱਕੀ ਬਣਾ ਦਿੱਤਾ ਸੀ। ਹੁਣ ਜੱਜ ਲੋਇਆ ਦੀ ਮੌਤ ਦਾ ਸੱਚ ਜਾਣਨ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਜਾਰੀ ਹੈ।