Liquor Stores Closed: ਇਥੇ 18 ਤੋਂ 20 ਮਈ ਤੱਕ ਸ਼ਰਾਬ ਦੇ ਠੇਕੇ ਰਹਿਣਗੇ ਬੰਦ !
Liquor Stores remain closed: ਐਕਸਾਈਜ਼ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਕ ਵਿਸ਼ੇਸ਼ ਹੁਕਮ ਜਾਰੀ ਹੋਏ ਹਨ।
ਦੇਸ਼ ਭਰ ਵਿਚ ਲੋਕ ਸਭਾ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ। ਲੋਕ ਸਭਾ ਲਈ 7 ਪੜਾਵਾਂ ਵਿਚ ਵੋਟਾਂ ਪੈਣੀਆਂ ਹਨ ਜਿਸਦੇ 4 ਪੜਾਅ ਪੂਰੇ ਹੋ ਚੁੱਕੇ ਹਨ ਅਤੇ ਪੰਜਵੇਂ ਪੜਾਅ ਲਈ 20 ਮਈ ਦਿਨ ਸੋਮਵਾਰ ਨੂੰ ਵੋਟਾਂ ਪੈਣੀਆਂ ਹਨ। ਆਮ ਚੋਣਾਂ ਦੇ ਪੰਜਵੇਂ ਪੜਾਅ ਵਿੱਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ 7, ਬਿਹਾਰ ਵਿੱਚ 5, ਉੜੀਸਾ ਵਿੱਚ 5, ਝਾਰਖੰਡ ਵਿੱਚ 3 ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਇੱਕ-ਇੱਕ ਸੀਟਾਂ ਤੋਂ ਵੋਟਰ ਭਾਗ ਲੈਣਗੇ। ਜਿਸ ਦੇ ਮੱਦੇਨਜ਼ਰ ਇਨ੍ਹਾਂ ਸੂਬਿਆਂ ਵਿਚ 18 ਮਈ
ਸ਼ਾਮ 5 ਵਜੇ ਤੋਂ ਸੋਮਵਾਰ ਸ਼ਾਮ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ।
ਮੁੰਬਈ ਅਤੇ ਉਪਨਗਰੀ ਜ਼ਿਲ੍ਹੇ ਦੇ ਨਾਲ-ਨਾਲ ਨਜ਼ਦੀਕੀ ਜ਼ਿਲ੍ਹਿਆਂ ਠਾਣੇ, ਕਲਿਆਣ ਅਤੇ ਪਾਲਘਰ 'ਚ ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਦੀ ਵੋਟਿੰਗ ਦੇ ਮੱਦੇਨਜ਼ਰ ਸ਼ਨੀਵਾਰ ਸ਼ਾਮ ਤੋਂ ਸੋਮਵਾਰ ਸ਼ਾਮ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਮੁੰਬਈ 'ਚ ਪੂਰੇ ਤਿੰਨ ਦਿਨ ਡ੍ਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ।
ਭਾਰਤ ਚੋਣ ਕਮਿਸ਼ਨ (ਈਸੀਆਈ) ਨੇ ਨਾ ਸਿਰਫ਼ ਚੋਣਾਂ ਵਾਲੇ ਚੋਣ ਖੇਤਰਾਂ ਸਗੋਂ ਨਜ਼ਦੀਕੀ ਚੋਣ ਖੇਤਰਾਂ ਨੂੰ ਵੀ ਵੋਟਿੰਗ ਦਿਵਸ ਤੱਕ ਡ੍ਰਾਈ ਡੇਅ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਕਦਮ ਦਾ ਮਕਸਦ ਪੂਰੇ ਰਾਜ 'ਚ ਨਿਰਪੱਖ ਚੋਣ ਪ੍ਰਕਿਰਿਆ ਨੂੰ ਉਤਸ਼ਾਹ ਦੇਣਾ ਹੈ। ਚੋਣ ਅਧਿਕਾਰੀਆਂ ਨੇ ਕਿਹਾ ਕਿ ਅੱਜ ਸ਼ਾਮ 5 ਵਜੇ ਤੋਂ 20 ਮਈ 5 ਵਜੇ ਤੱਕ ਸਾਰੇ ਬਾਰ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ।
ਪੰਜਾਬ ਵਿਚ ਵੀ ਐਕਸਾਈਜ਼ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਕ ਵਿਸ਼ੇਸ਼ ਹੁਕਮ ਰਾਹੀਂ 31 ਮਈ ਦੀ ਸ਼ਾਮ ਤੋਂ ਲੈ ਕੇ 2 ਜੂਨ ਦੀ ਸ਼ਾਮ ਤੱਕ ਅਤੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ 4 ਜੂਨ ਨੂੰ ਡਰਾਈ ਡੇਅ ਘੋਸ਼ਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਨ੍ਹਾਂ ਹੁਕਮਾਂ ਅਨੁਸਾਰ ਅੰਗਰੇਜੀ ਅਤੇ ਦੇਸੀ ਸ਼ਰਾਬ, ਸਪਿਰਿਟ, ਅਲਕੋਹਲ ਜਾਂ ਹੋਰ ਕੋਈ ਵੀ ਵਸਤੂ ਜਿਸ ਨਾਲ ਸ਼ਰਾਬ ਵਰਗਾ ਨਸ਼ਾ ਹੁੰਦਾ ਹੋਵੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਜਮਾਖੋਰੀ ਵੰਡ ਜਾਂ ਸ਼ਰਾਬ ਪਿਲਾਉਣ ਵਾਲੇ ਹੋਟਲਾਂ ਢਾਬਿਆਂ, ਅਹਾਤਿਆਂ, ਰੈਸਟੋਰੈਂਟ, ਬੀਅਰ ਬਾਰ, ਕਲੱਬ ਜਾਂ ਕੋਈ ਹੋਰ ਜਨਤਕ ਥਾਵਾਂ ਤੇ ਉਕਤ ਦਿਨਾਂ ਨੂੰ ਵੇਚਣ /ਸਰਵ ਕਰਨ 'ਤੇ ਪੂਰਨ ਪਾਬੰਦੀ ਰਹੇਗੀ। ਕਲੱਬਾਂ, ਸਟਾਰ ਹੋਟਲਾਂ, ਰੈਸਟੋਰੈਂਟਾਂ ਆਦਿ ਅਤੇ ਕਿਸੇ ਵੱਲੋਂ ਵੀ ਚਲਾਏ ਜਾ ਰਹੇ ਹੋਟਲ ਭਾਵੇਂ ਕਿ ਉਨ੍ਹਾਂ ਨੂੰ ਸ਼ਰਾਬ ਰੱਖਣ ਤੇ ਸਪਲਾਈ ਕਰਨ ਦੇ ਵੱਖ-ਵੱਖ ਕੈਟਾਗਰੀਆਂ ਦੇ ਲਾਇਸੰਸ ਜਾਰੀ ਹੋਏ ਹੋਣ ਉੱਪਰ ਵੀ ਸ਼ਰਾਬ ਸਰਵ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਹੁਕਮਾਂ ਦੀ ਉਲੰਘਣਾ ਕਰਨ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।