ਨਵੀਂ ਦਿੱਲੀ: ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਵਿੱਚ ਲਗਾਤਾਰ ਘਾਟੇ ਵਿੱਚ ਜਾ ਰਹੀ ਪੈਟਰੋਲ ਤੇ ਡੀਜ਼ਲ ਵਾਹਨ ਨਿਰਮਾਣ ਕੰਪਨੀਆਂ ਨੂੰ ਕਰਾਰੀ ਸੱਟ ਮਾਰ ਦਿੱਤੀ ਹੈ। ਮੋਦੀ ਸਰਕਾਰ ਨੇ ਵਾਤਾਵਰਨ ਦੀ ਸਾਂਭ ਸੰਭਾਲ ਖਾਤਰ ਬਿਜਲਈ ਵਾਹਨਾਂ ਲਈ ਕਾਫੀ ਰਿਆਇਤਾਂ ਐਲਾਨੀਆਂ ਹਨ।

ਵਿੱਤ ਮੰਤਰੀ ਨੇ ਲੋਕ ਸਭਾ ਵਿੱਚ ਦੱਸਿਆ ਕਿ ਸਰਕਾਰ ਇਲੈਕਟ੍ਰਿਕ ਵਾਹਨਾਂ 'ਤੇ ਟੈਕਸ ਦਰ 12 ਤੋਂ ਘਟਾ ਕੇ 5% ਕਰਨ ਦੀ ਸਿਫਾਰਸ਼ ਪਹਿਲਾਂ ਹੀ ਕਰ ਚੁੱਕੀ ਹੈ। ਹੁਣ ਇਲੈਕਟ੍ਰਿਕ ਵਾਹਨ ਨੂੰ ਖਰੀਦਣ ਲਈ ਚੁੱਕਿਆ ਕਰਜ਼ਾ ਵੀ ਅਸਿੱਧੇ ਤੌਰ 'ਤੇ ਸਸਤਾ ਹੋਵੇਗਾ। ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਹੁਣ ਕਰਜ਼ਾ ਚੁੱਕ ਕੇ ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਨੂੰ ਆਮਦਨ ਕਰ ਵਿੱਚ 1.5 ਲੱਖ ਰੁਪਏ ਦੀ ਛੋਟ ਮਿਲੇਗੀ।

ਮੋਦੀ ਸਰਕਾਰ ਦਾ ਮੰਨਣਾ ਹੈ ਕਿ ਇਸ ਛੋਟ ਨਾਲ ਲੋਕ ਬਿਜਲੀ ਵਾਲੇ ਵਾਹਨ ਖਰੀਦਣ ਵੱਲ ਪ੍ਰੇਰਿਤ ਹੋਣਗੇ ਤੇ ਵਾਤਾਵਰਣ ਪਲੀਤ ਹੋਣੋਂ ਬਚੇਗਾ।