ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘੁਟਾਲੇ ਨੂੰ ਲੈ ਕੇ ਅੱਜ ਪਾਰਲੀਮੈਂਟ ਵਿੱਚ ਖੂਬ ਹੰਗਾਮਾ ਹੋਇਆ। ਵਿਰੋਧੀ ਪਾਰਟੀਆਂ ਨੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮੁਲਜ਼ਮ ਨੀਰਵ ਮੋਦੀ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਹੰਗਾਮੇ ਨੂੰ ਵੇਖਦਿਆਂ ਸਪਕੀਰ ਨੇ ਸਭਾ ਦੀ ਕਾਰਵਾਈ ਟਾਲ ਦਿੱਤੀ।
ਦਰਅਸਲ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਨੇ ਲੈ ਕੇ ਕਾਂਗਰਸ-ਤ੍ਰਿਣਮੂਲ ਕਾਂਗਰਸ ਤੇ ਆਂਧਰਾ ਪ੍ਰਦੇਸ਼ ਲਈ ਖਾਸ ਪੈਕੇਜ ਦੀ ਮੰਗ ਨੂੰ ਲੈ ਕੇ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰਾਂ ਨੇ ਹੰਗਾਮਾ ਕੀਤਾ। ਇਸ ਕਾਰਨ ਲੋਕ ਸਭਾ ਦੀ ਕਾਰਵਾਈ ਰੋਕ ਦਿੱਤੀ ਗਈ ਹੈ। ਬਜਟ ਸੈਸ਼ਨ ਦੇ ਦੂਜੇ ਦੌਰ ਵਿੱਚ ਪਹਿਲੇ ਦਿਨ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਚਾਰ ਲੀਡਰਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।
ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਕਰਵਾਈ, ਵਿਰੋਧੀ ਹੰਗਾਮਾ ਕਰਨ ਲੱਗੇ। ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਪੀਐਨਬੀ ਘੁਟਾਲੇ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਕਾਂਗਰਸ ਦੇ ਕਈ ਮੈਂਬਰ ਪ੍ਰਧਾਨ ਦੀ ਕੁਰਸੀ ਨੇੜੇ ਜਾ ਕੇ ਨਾਅਰੇਬਾਜ਼ੀ ਕਰਨ ਲੱਗ ਪਏ।
ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ 'ਨੀਰਵ ਮੋਦੀ ਕਿੱਥੇ ਹੈ' ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਆਂਧਰਾ ਪ੍ਰਦੇਸ਼ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਤੇ ਖਾਸ ਪੈਕੇਜ ਦੀ ਮੰਗ ਨੂੰ ਲੈ ਕੇ ਟੀਡੀਪੀ ਦੇ ਮੈਂਬਰ ਵੀ ਨਾਅਰੇਬਾਜ਼ੀ ਕਰਨ ਲੱਗੇ।