ਹੁਣ ਪੂਰੇ ਦੇਸ਼ ਵਿੱਚ ਲੌਕਡਾਊਨ ਹੈ, ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਘਰਾਂ ਤਕ ਹੀ ਸੀਮਤ ਕਰ ਲਿਆ ਹੈ। ਉੱਥੇ ਹੀ ਦੇਸ਼ ਦਾ ਇੱਕ ਹਿੱਸਾ ਕਸ਼ਮੀਰ ਵੀ ਹੈ, ਜਿਸ ਨੇ ਸਭ ਤੋਂ ਵੱਧ ਅਤੇ ਲੰਮੇ ਲੌਕਡਾਊਨ ਦੇਖੇ ਹਨ। ਬੀਤੇ ਸਾਲ 5 ਅਗਸਤ ਨੂੰ ਧਾਰਾ 370 ਹਟਣ ਤੋਂ ਬਾਅਦ ਕਸ਼ਮੀਰ ਵਿੱਚ ਪਾਬੰਦੀਆਂ ਲੱਗ ਗਈਆਂ ਸਨ। ਚਾਰ ਮਹੀਨਿਆਂ ਲਈ ਸਭ ਕੁਝ ਬੰਦ ਸੀ। ਲੌਕਡਾਊਨ ਨਵੰਬਰ ਤਕ ਰਿਹਾ, ਜੋ ਹੁਣ ਤਕ ਦਾ ਸਭ ਤੋਂ ਲੰਮਾ ਬੰਦ ਸੀ।
ਦਸੰਬਰ ਤੋਂ ਜ਼ਿੰਦਗੀ ਮੁੜ ਲੀਹ 'ਤੇ ਆਉਣ ਲੱਗੀ ਸੀ ਪਰ ਮਾਰਚ ਵਿੱਚ ਕੋਰੋਨਾ ਨੇ ਫਿਰ ਰੋਕਾਂ ਲਾ ਦਿੱਤੀਆਂ। ਕਸ਼ਮੀਰ ਦੇ ਸਕੂਲ ਬੰਦ ਹੋਇਆਂ 9 ਮਹੀਨੇ ਹੋ ਗਏ ਹਨ। ਪਹਿਲਾਂ ਸਰਕਾਰ ਵੱਲੋਂ ਐਲਾਨਿਆ ਬੰਦ, ਫਿਰ ਸਰਦੀਆਂ ਦੀਆਂ ਛੁੱਟੀਆਂ ਸਨ ਅਤੇ ਹੁਣ ਕੋਰੋਨਾ ਕਰਕੇ ਹੋਇਆ ਲੌਕਡਾਊਨ। ਇਸ ਦੌਰਾਨ ਨਾ ਪੜ੍ਹਾਈ ਹੋ ਰਹੀ ਹੈ ਤੇ ਨਾ ਹੀ ਇਮਤਿਹਾਨ, ਪਰ ਫਿਰ ਵੀ ਜ਼ਿੰਦਗੀ ਚੱਲ ਰਹੀ ਹੈ।
ਕਸ਼ਮੀਰ ਤੇ ਬਾਕੀ ਦੇਸ਼ ਦੇ ਲੌਕਡਾਊਨ ਵਿੱਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਇੱਤੇ ਲੌਕਡਾਊਨ ਹੋਣ 'ਤੇ ਸਭ ਤੋਂ ਪਹਿਲਾਂ ਫ਼ੋਨ ਤੇ ਇੰਟਰਨੈੱਟ ਬੰਦ ਹੋ ਜਾਂਦੇ ਹਨ। ਬਾਕੀ ਦੇਸ਼ ਦੀ ਇਹ ਬਦਨਸੀਬੀ ਨਹੀਂ।