ਰਵੀਦਾਸ ਮੰਦਰ ਢਾਹੁਣ ਲਈ ਕੇਜਰੀਵਾਲ ਨਹੀਂ ਮੋਦੀ ਸਰਕਾਰ ਜ਼ਿੰਮੇਵਾਰ, 'ਆਪ' ਵਾਲੇ ਪਹੁੰਚੇ ਕੇਂਦਰੀ ਦਰਬਾਰ
ਹਰਪਾਲ ਸਿੰਘ ਚੀਮਾ ਨੇ ਉੱਚ-ਪੱਧਰੀ ਵਫ਼ਦ ਸਮੇਤ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮੰਦਰ ਦੀ ਇਤਿਹਾਸਕ ਤੇ ਧਾਰਮਕ ਮਹੱਤਤਾ ਦੱਸਦਿਆਂ ਤੁਰੰਤ ਮੰਦਰ ਦੀ ਪੁਨਰ-ਉਸਾਰੀ ਤੇ ਬਾਕੀ ਜ਼ਮੀਨ 'ਤੇ ਸ੍ਰੀ ਗੁਰੂ ਰਵਿਦਾਸ ਰਿਸਰਚ ਸੈਂਟਰ ਦੀ ਸਥਾਪਨਾ ਕਰਨ ਦੀ ਮੰਗ ਕੀਤੀ।
ਨਵੀਂ ਦਿੱਲੀ/ਚੰਡੀਗੜ੍ਹ: ਦਿੱਲੀ ਦੇ ਤੁਗਲਕਾਬਾਦ ਸਥਿਤ 540 ਸਾਲ ਪੁਰਾਣੇ ਪ੍ਰਾਚੀਨ ਰਵਿਦਾਸ ਮੰਦਰ ਨੂੰ ਸੱਤਾਧਾਰੀ ਬੀਜੇਪੀ ਦੇ ਕੰਟਰੋਲ ਵਾਲੀ ਦਿੱਲੀ ਵਿਕਾਸ ਅਥਾਰਿਟੀ ਵੱਲੋਂ ਢਹਿ-ਢੇਰੀ ਕਰਨ ਦੇ ਹੁਕਮ ਵਿਰੁੱਧ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਉੱਚ-ਪੱਧਰੀ ਵਫ਼ਦ ਸਮੇਤ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮੰਦਰ ਦੀ ਇਤਿਹਾਸਕ ਤੇ ਧਾਰਮਕ ਮਹੱਤਤਾ ਦੱਸਦਿਆਂ ਤੁਰੰਤ ਮੰਦਰ ਦੀ ਪੁਨਰ-ਉਸਾਰੀ ਤੇ ਬਾਕੀ ਜ਼ਮੀਨ 'ਤੇ ਸ੍ਰੀ ਗੁਰੂ ਰਵਿਦਾਸ ਰਿਸਰਚ ਸੈਂਟਰ ਦੀ ਸਥਾਪਨਾ ਕਰਨ ਦੀ ਮੰਗ ਕੀਤੀ।
ਇਸ ਵਫ਼ਦ 'ਚ 'ਆਪ' ਦੇ ਸੀਨੀਅਰ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਤੁਲਗਕਾਬਾਦ ਦੀ ਮੰਦਰ ਕਮੇਟੀ ਦਾ ਪੰਜ ਮੈਂਬਰ ਵਫਦ, ਸਾਬਕਾ ਅਕਾਲੀ ਸੰਸਦ ਚਰਨਜੀਤ ਸਿੰਘ ਅਟਵਾਲ, ਸਾਬਕਾ ਆਈਏਐਸ ਅਧਿਕਾਰੀ ਐਸਆਰ ਲੱਧੜ, ਲੋਕ ਜਨਸ਼ਕਤੀ ਕਿਰਨਜੀਤ ਸਿੰਘ ਗਹਿਰੀ ਸਮੇਤ ਦੋ ਦਰਜਨ ਦੇ ਕਰੀਬ ਨੁਮਾਇੰਦੇ ਸ਼ਾਮਲ ਸਨ। ਹਰਪਾਲ ਸਿੰਘ ਚੀਮਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 'ਆਪ' ਇਸ ਤਰ੍ਹਾਂ ਦੇ ਧਾਰਮਕ ਤੇ ਸਮਾਜਿਕ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਸੰਵੇਦਨਸ਼ੀਲ ਮੁੱਦਿਆਂ 'ਤੇ ਸਿਆਸਤ ਨਹੀਂ ਕਰਦੀ।
ਚੀਮਾ ਨੇ ਕਿਹਾ ਕਿ ਡੀਡੀਏ ਸਮੇਤ ਦਿੱਲੀ ਪੁਲਿਸ 'ਤੇ ਕੇਜਰੀਵਾਲ ਸਰਕਾਰ ਦਾ ਰੱਤੀ ਭਰ ਵੀ ਕੰਟਰੋਲ ਨਹੀਂ ਹੈ। ਡੀਡੀਏ ਤੇ ਪੁਲਿਸ ਦਿੱਲੀ ਦੇ ਉਪ ਰਾਜਪਾਲ ਰਾਹੀਂ ਸਿੱਧਾ ਕੇਂਦਰ ਸਰਕਾਰ ਦੇ ਕੰਟਰੋਲ 'ਚ ਹਨ। ਅਕਾਲੀ ਦਲ ਤੇ ਬੀਜੇਪੀ ਆਪਣੀ ਦਲਿਤ ਵਿਰੋਧੀ ਕਾਰਵਾਈ ਛੁਪਾਉਣ ਲਈ ਕੇਜਰੀਵਾਲ ਦਾ ਬਿਨਾ ਕਾਰਨ ਨਾ ਉਛਾਲ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਹਲਕੀ ਸਿਆਸਤ ਬੀਜੇਪੀ ਤੇ ਅਕਾਲੀਆਂ ਨੂੰ ਮਹਿੰਗੀ ਪਵੇਗੀ, ਕਿਉਂਕਿ ਝੂਠੀ ਤੇ ਬੇ-ਬੁਨਿਆਦੀ ਬਿਆਨਬਾਜ਼ੀ ਜ਼ਿਆਦਾ ਦੇਰ ਟਿਕਦੀ ਨਹੀਂ। ਲੋਕ ਸਭ ਜਾਣਦੇ ਹਨ।