ਚੰਡੀਗੜ੍ਹ: ਲੁਧਿਆਣਾ ਕੋਰਟ ਕੰਪਲੈਕਸ 'ਚ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਲਚਲ ਮਚ ਗਈ ਹੈ। ਇਸ ਧਮਾਕੇ 'ਚ ਫਿਦਾਈਨ ਹਮਲੇ ਤੋਂ ਲੈ ਕੇ ਟਿਫਿਨ ਬੰਬ ਤੇ ਖਾਲਿਸਤਾਨੀ ਐਂਗਲ ਸਾਹਮਣੇ ਆ ਰਿਹਾ ਹੈ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਗੱਲ ਕੀਤੀ। ਸ਼ਾਹ ਨੇ ਚੰਨੀ ਤੋਂ ਧਮਾਕੇ ਤੇ ਪੰਜਾਬ ਦੀ ਸੁਰੱਖਿਆ ਸਥਿਤੀ ਬਾਰੇ ਵੇਰਵੇ ਲਏ। ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ।  

ਹੁਣ ਇਸ ਮਾਮਲੇ 'ਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਸ ਧਮਾਕੇ ਪਿੱਛੇ ਪਾਕਿਸਤਾਨ 'ਚ ਬੈਠੇ ਖਾਲਿਸਤਾਨੀਆਂ ਦਾ ਵੀ ਹੱਥ ਹੋ ਸਕਦਾ ਹੈ। ਇਸ ਵਿੱਚ ਬੱਬਰ ਖਾਲਸਾ ਦਾ ਵੱਡਾ ਨਾਮ ਸਾਹਮਣੇ ਆ ਰਿਹਾ ਹੈ। ਇਸ ਧਮਾਕੇ ਵਿੱਚ ਆਈਈਡੀ ਦੀ ਵਰਤੋਂ ਕੀਤੇ ਜਾਣ ਦਾ ਵੀ ਸ਼ੱਕ ਹੈ। ਧਮਾਕੇ 'ਚ ਜਿਸ ਵਿਅਕਤੀ ਦੇ ਚੀਥੜੇ ਉਡ ਗਏ ਸੀ, ਉਸ ਨੂੰ ਫਿਲਹਾਲ ਸ਼ੱਕੀ ਮੰਨਿਆ ਜਾ ਰਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਸੰਕੇਤ ਦਿੱਤਾ ਕਿ ਇਸ ਪਿੱਛੇ ਡਰੱਗ ਮਾਫੀਆ ਦਾ ਹੱਥ ਹੈ। ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਤੇ ਨਸ਼ੀਲੇ ਪਦਾਰਥ ਭੇਜਣ ਦੇ ਅਕਸਰ ਮਾਮਲੇ ਸਾਹਮਣੇ ਆਉਂਦੇ ਰਹੇ ਹਨ।

ਉਧਰ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਨਵੀ ਰਮੰਨਾ ਨੇ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਤੋਂ ਇਸ ਮਾਮਲੇ ਵਿੱਚ ਹੋਈ ਕਾਰਵਾਈ ਬਾਰੇ ਪੁੱਛਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਇਸ ਘਟਨਾ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਅਦਾਲਤੀ ਕੰਪਲੈਕਸ ਵਿੱਚ ਸੁਰੱਖਿਆ ਵਧਾਉਣ ਲਈ ਕਿਹਾ ਸੀ।

ਪੰਜਾਬ ਵਿੱਚ ਕੁਝ ਮਹੀਨਿਆਂ ਬਾਅਦ ਚੋਣਾਂ ਹੋਣੀਆਂ ਹਨ। ਅਜਿਹੇ 'ਚ ਦੇਸ਼ ਦਾ ਗ੍ਰਹਿ ਮੰਤਰਾਲਾ ਵੀ ਬੇਅਦਬੀ ਤੇ ਹੁਣ ਬੰਬ ਧਮਾਕਿਆਂ ਤੋਂ ਚਿੰਤਤ ਹੈ। ਪੰਜਾਬ ਦੀ ਲਗਪਗ 600 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇਸ ਦੇ ਨਾਲ ਹੀ ਪੰਜਾਬ ਨੇ ਅੱਤਵਾਦ ਦਾ ਭਿਆਨਕ ਦੌਰ ਵੀ ਦੇਖਿਆ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਯਕੀਨੀ ਬਣਾਉਣ ਲਈ ਨਜ਼ਰ ਰੱਖੀ ਹੋਈ ਹੈ ਕਿ ਇੱਥੇ ਸਥਿਤੀ ਵਿਗੜ ਨਾ ਜਾਵੇ। ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ ਵੀ ਇਸ ਬਾਰੇ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਦੇ ਹਾਲਾਤ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ।

ਕੀ ਹੈ ਪੂਰਾ ਮਾਮਲਾ?
ਵੀਰਵਾਰ ਦੁਪਹਿਰ ਨੂੰ ਲੁਧਿਆਣਾ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ਦੇ ਬਾਥਰੂਮ ਵਿੱਚ ਧਮਾਕਾ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ਨੂੰ ਧਮਾਕੇ ਦਾ ਸ਼ੱਕੀ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ 5 ਲੋਕ ਜ਼ਖਮੀ ਹੋਏ ਹਨ ਪਰ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਧਮਾਕੇ ਦੇ ਸਮੇਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਪੂਰੀ ਤਰ੍ਹਾਂ ਹਰਕਤ ਵਿੱਚ ਹੈ।

ਇਸ ਲਈ NIA ਅਤੇ NSG ਦੀ ਟੀਮ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਿਸ ਦੀ ਫੋਰੈਂਸਿਕ ਟੀਮ ਨੇ ਵੀ ਮੌਕੇ ਤੋਂ ਸਬੂਤਾਂ ਦੀ ਤਲਾਸ਼ੀ ਲਈ ਹੈ। ਮੌਕੇ ਤੋਂ ਬਰਾਮਦ ਹੋਈ ਲਾਸ਼ ਨੂੰ ਵੀ ਜਾਂਚ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਬੇ ਦੇ ਅੰਦਰ ਤੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ।


 



ਇਹ ਵੀ ਪੜ੍ਹੋ : Dry Fruits For Health : ਠੰਢ 'ਚ ਬਦਾਮ ਖਾਣ ਦੇ ਬੇਹੱਦ ਫ਼ਾਇਦੇ, ਜਾਣ ਕੇ ਹੋ ਜਾਓਗੇ ਹੈਰਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490