ਨਵੀਂ ਦਿੱਲੀ: ਜਿਣਸੀ ਸੋਸ਼ਣ ਦੇ ਇਲਜ਼ਾਮਾਂ ਵਿੱਚ ਘਿਰੇ ਸਾਬਕਾ ਪੱਤਰਕਾਰ ਐਮਜੇ ਅਕਬਰ ਦੀ ਪਟੀਸ਼ਨ ’ਤੇ ਅੱਜ ਪਟਿਆਲਾ ਹਾਊਸ ਅਦਾਲਤ ਵਿੱਚ ਸੁਣਵਾਈ ਹੋਈ। ਅਕਬਰ ਵੱਲੋਂ ਗੀਤਾ ਲੂਥਰਾ ਨੇ ਦਲੀਲ ਪੇਸ਼ ਦਿੱਤੀ। ਅਕਬਰ ਦੇ ਵਕੀਲ ਨੇ ਕਿਹਾ ਕਿ ਜਿਸ ਤਰੀਕੇ ਦੇ ਮੈਸੇਜ ਸਾਹਮਣੇ ਆਏ ਹਨ, ਉਸ ਨਾਲ ਅਕਬਰ ਦਾ ਮਾਣਹਾਨੀ ਹੋਈ ਹੈ। ਇਹ ਮਾਣ ਉਨ੍ਹਾਂ 40 ਸਾਲਾਂ ਵਿੱਚ ਹਾਸਲ ਕੀਤਾ ਹੈ।

ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਤੈਅ ਕਰ ਦਿੱਤੀ ਹੈ। ਇਸ ਮਾਮਲੇ ਵਿੱਚ, ਕੇਸ ਨਾਲ ਜੁੜੇ ਤੱਥ ਤੇ ਗਵਾਹ ਅਦਾਲਤ ਸਾਹਮਣੇ ਪੇਸ਼ ਕੀਤੇ ਜਾਣਗੇ। ਅਦਾਲਤ ਨੇ ਕਿਹਾ ਕਿ ਸਭ ਤੋਂ ਪਹਿਲਾਂ ਅਕਬਰ ਦਾ ਬਿਆਨ ਦਰਜ ਕੀਤਾ ਜਾਏਗਾ ਤੇ ਬਾਕੀ ਦੇ ਗਵਾਹਾਂ ਦੇ ਬਿਆਨਾਂ ਨੂੰ ਰਿਕਾਰਡ ਕੀਤਾ ਜਾਏਗਾ।

ਯਾਦ ਰਹੇ ਕਿ ਅਕਬਰ ਨੇ ਉਨ੍ਹਾਂ ’ਤੇ ਜਿਣਸੀ ਸੋਸ਼ਣ ਦਾ ਇਲਜ਼ਾਮ ਲਾਉਣ ਵਾਲੀ ਪ੍ਰਿਆ ਰਮਾਨੀ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਇਸ ਤੋਂ ਪਹਿਲਾਂ ਅਕਬਰ ਨੇ ਭਾਰੀ ਦਬਾਅ ਤੋਂ ਬਾਅਦ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਨੂੰ ਬੁੱਧਵਾਰ ਦੀ ਰਾਤ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਵੀਕਾਰ ਕਰ ਲਿਆ ਹੈ।