ਪਾਣੀਪਤ: ਹਰਿਆਣਾ ਦੇ ਝੱਜਰ ਵਿੱਚ, ਉਪਭੋਗਤਾ ਅਦਾਲਤ ਨੇ ਬੁੱਧਵਾਰ ਨੂੰ ਮੋਬਾਈਲ ਕੰਪਨੀ 'ਤੇ ਝੂਠੇ ਦਾਅਵਿਆਂ ਲਈ ਜ਼ੁਰਮਾਨਾ ਲਾਇਆ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਮੋਬਾਈਲ ਵਾਟਰਪਰੂਫ ਹੈ। ਉਪਭੋਗਤਾ ਨੇ ਇਸ ਨੂੰ ਝੂਠਾ ਪ੍ਰਚਾਰ ਦੱਸਿਆ। ਜੱਜ ਨੇ ਅਦਾਲਤ ਵਿੱਚ ਹੀ ਪਾਣੀ ਨਾਲ ਭਰਿਆ ਭਾਂਡਾ ਮੰਗਵਾਇਆ ਤੇ ਉਸ ਵਿੱਚ ਮੋਬਾਈਲ ਪਾਉਣ ਲਈ ਕਿਹਾ। ਪਾਣੀ ਵਿੱਚ ਪਾਉਂਦਿਆਂ ਹੀ ਮੋਬਾਈਲ ਖਰਾਬ ਹੋ ਗਿਆ।

ਜੱਜ ਨੇ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਉਪਭੋਗਤਾ ਨੂੰ ਮੋਬਾਈਲ ਠੀਕ ਕਰਕੇ ਦੇਵੇ, ਨਵਾਂ ਸੈੱਟ ਦੇਵੇ ਜਾਂ ਉਸ ਨੂੰ ਮੋਬਾਈਲ ਦੀ ਕੀਮਤ ਵਜੋਂ ਲਏ ਗਏ 56 ਹਜ਼ਾਰ 900 ਰੁਪਏ ਵਾਪਸ ਦਿੱਤੇ ਜਾਣ। ਸਿਰਫ ਇਹੀ ਨਹੀਂ, ਪੀੜਤ ਨੂੰ 7,500 ਰੁਪਏ ਦੀ ਰਕਮ ਵੀ ਦੇਣੀ ਪਏਗੀ।

ਖਰੀਦਣ ਤੋਂ ਕੁਝ ਮਹੀਨਿਆਂ ਬਾਅਦ ਹੋ ਗਿਆ ਸੀ ਖਰਾਬ

ਕੇਸ ਦੀ ਪੈਰਵੀ ਕਰ ਰਹੇ ਵਕੀਲ ਰਜਨੀਸ਼ ਨੇ ਦੱਸਿਆ ਕਿ ਘੋਸਿਆਨ ਮੁਹੱਲਾ ਦੇ ਸਾਹਿਲ ਜਸਵਾਲ ਨੇ 2 ਮਈ 2017 ਨੂੰ ਝੱਜਰ ਦੀ ਦੁਕਾਨ ਤੋਂ  ਮਸ਼ਹੂਰ ਕੰਪਨੀ ਦਾ 56 ਹਜ਼ਾਰ 900 ਰੁਪਏ ਦਾ ਮੋਬਾਈਲ ਫੋਨ ਖਰੀਦਿਆ ਸੀ। ਕੁਝ ਮਹੀਨਿਆਂ ਬਾਅਦ ਹੀ ਇਹ ਮੋਬਾਈਲ ਖਰਾਬ ਹੋ ਗਿਆ। ਉਸ ਵਿੱਚ ਮੈਨੂਫੈਕਚੁਰਿੰਗ ਡਿਫਾਲਟ ਆ ਗਿਆ ਸੀ।

ਸਰਵਿਸ ਸੈਂਟਰ ਤੋਂ ਵੀ ਨਹੀਂ ਹੋਇਆ ਠੀਕ

ਪੀੜਤ ਨੇ ਕੰਪਨੀ ਖਿਲਾਫ ਉਪਭੋਗਤਾ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਅਦਾਲਤ ਨੇ ਕੰਪਨੀ ਨੂੰ ਆਦੇਸ਼ ਦਿੱਤਾ ਕਿ  ਉਪਭੋਗਤਾ ਨੂੰ ਮੋਬਾਈਲ ਠੀਕ ਕਰ ਕੇ ਦਿੱਤਾ ਜਾਏ। 11 ਅਕਤੂਬਰ ਨੂੰ ਕੰਪਨੀ ਨੇ ਉਪਭੋਗਤਾ ਨੂੰ ਮੋਬਾਈਲ ਦਿੰਦਿਆਂ ਕਿਹਾ ਸੀ ਕਿ ਇਹ ਠੀਕ ਹੋ ਗਿਆ ਹੈ ਪਰ ਬਾਅਦ ਵਿੱਚ ਇਹ ਫਿਰ ਖਰਾਬ ਹੋ ਗਿਆ। ਇਸ ਮਾਮਲੇ ਵਿੱਚ ਮੁੜ 17 ਅਕਤੂਬਰ ਨੂੰ ਸੁਣਵਾਈ ਹੋਈ ਹੈ।