ਹੋਸ਼ੰਗਾਬਾਦ: ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿੱਚ ਸੋਮਵਾਰ ਸਵੇਰੇ ਸੜਕ ਹਾਦਸੇ ‘ਚ ਚਾਰ ਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਦੀ ਹਾਲਤ ਗੰਭੀਰ ਹੈ। ਸਾਰੇ ਲੋਕ ਹੋਸ਼ੰਗਾਬਾਦ ‘ਚ ਟੂਰਨਾਮੈਂਟ ‘ਚ ਸ਼ਾਮਲ ਹੋਣ ਜਾ ਰਹੇ ਸੀ। ਇਸੇ ਦੌਰਾਨ ਉਨ੍ਹਾਂ ਦੀ ਕਾਰ ਇਟਾਰਸੀ ਤੇ ਹੋਸ਼ੰਗਾਬਾਦ ‘ਚ ਨੈਸ਼ਨਲ ਹਾਈਵੇ-69 ‘ਤੇ ਦਰਖਤ ਨਾਲ ਟਕਰਾ ਗਈ।


ਹਾਸਲ ਜਾਣਕਾਰੀ ਮੁਤਾਬਕ, ਸਾਰੇ ਖਿਡਾਰੀ ਹੋਸ਼ੰਗਾਬਾਦ ‘ਚ ਧਿਆਨ ਚੰਦ ਅਕਾਦਮੀ ਅਖਿਲ ਭਾਰਤੀ ਹਾਕੀ ਟਰਾਫੀ ਦਾ ਸੈਮੀਫਾਈਨਲ ਖੇਡਣ ਦੇ ਲਈ ਆਏ ਸੀ। ਉਹ ਸਾਥੀ ਖਿਡਾਰੀ ਆਦਰਸ਼ ਹਰਦੁਆ ਦਾ ਜਨਮ ਦਿਨ ਮਨਾਉਣ ਲਈ ਪ੍ਰਬੰਧਕਾਂ ਦੀ ਇਜਾਜ਼ਤ ਲੈ ਕੇ ਐਤਵਾਰ ਰਾਤ ਇਟਾਰਸੀ ਗਏ ਸੀ। ਉੱਥੇ ਸਵੇਰੇ ਵਾਪਸੀ ਸਮੇਂ ਰੈਸਲਪੁਰ ਕੋਲ ਹਾਦਸਾ ਹੋ ਗਿਆ।


ਇਸ ਟੂਰਨਾਮੈਂਟ ਦੇ ਪ੍ਰਬੰਧਕ ਨੀਰਜ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 6:45 ਵਜੇ ਹੋਇਆ। ਜ਼ਖ਼ਮੀਆਂ ਨੂੰ ਹੋਸ਼ੰਗਾਬਾਦ ਦੇ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਮ੍ਰਿਤਕਾਂ ‘ਚ ਇਟਾਰਸੀ ਦੇ ਰਹਿਣ ਵਾਲੇ ਆਦਰਸ਼ ਹਰਦੁਆ, ਗਵਾਲੀਅਰ ਦੇ ਅਨੀਕੇਤ, ਇੰਦੌਰ ਦੇ ਸ਼ਹਿਨਵਾਜ਼ ਤੇ ਜਬਲਪੁਰ ਦੇ ਆਸ਼ੀਸ਼ ਲਾਲ ਸ਼ਾਮਲ ਹਨ।