ਵੈਕਸੀਨ ਨਾਲ ਭਰੀਆ ਟਰੱਕ ਲਾਵਾਰਿਸ ਹਾਲਤ 'ਚ ਮਿਲਿਆ, ਆਖਰ ਕੌਣ ਜ਼ਿੰਮੇਵਾਰ
ਮੱਧ ਪ੍ਰਦੇਸ਼-ਨਰਸਿੰਘਪੁਰ ਹਾਈਵੇਅ 'ਤੇ 2 ਲੱਖ 40 ਹਜ਼ਾਰ ਕੋਰੋਨਾ ਟੀਕੇ ਨਾਲ ਲੱਦਿਆ ਟਰੱਕ ਮਿਲਿਆ। ਹੈਰਾਨੀ ਦੀ ਗੱਲ ਹੈ ਕਿ ਟਰੱਕ ਬਗੈਰ ਡਰਾਈਵਰ ਤੋਂ 7 ਘੰਟੇ ਸੜਕ ਕਿਨਾਰੇ ਸਟਾਰਟ ਖੜਿਆ ਰਿਹਾ।
ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਦੇਸ਼ ਵਿਚ ਕੋਰੋਨਾ ਟੀਕੇ ਦੀ ਘਾਟ ਹੈ, ਉੱਥੇ ਹੀ ਦੂਜੇ ਪਾਸੇ ਕੋਰੋਨਾ ਟੀਕੇ ਦੀ ਢੋਆ ਢੁਆਈ ਵਿਚ ਕਾਫ਼ੀ ਅਣਗਹਿਲੀ ਸਾਹਮਣੇ ਆਈ ਹੈ। ਨਰਸਿੰਘਪੁਰ ਦੇ ਕਰੇਲੀ ਬੱਸ ਸਟੈਂਡ ਨੇੜੇ ਐਕਸਿਸ ਬੈਂਕ ਦੇ ਸਾਹਮਣੇ ਸੜਕ ਦੇ ਕੰਡੇ ਇੱਕ ਕੋਲਡ ਚੇਨ ਕੰਨਟੇਨਰ ਟਰੱਕ ਲਾਵਾਰਿਸ ਹਾਲਤ ਵਿੱਚ ਖੜ੍ਹਾ ਮਿਲਿਆ। ਜਦੋਂ ਕਰੇਲੀ ਪੁਲਿਸ ਨੇ ਜਾਂਚ ਕੀਤੀ ਤਾਂ ਗੱਡੀ ਦੇ ਕਾਗਜ਼ ਵੇਖ ਪੁਲਿਸ ਦੇ ਹੋਸ਼ ਉੱਡ ਗਏ। ਦੱਸ ਦਈਏ ਕਿ ਕਾਗਜ਼ਾਂ ਦੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਟਰੱਕ ਵਿੱਚ ਕੋਰੋਨਾ ਟੀਕੇ ਦੀਆਂ 2 ਲੱਖ 40 ਹਜ਼ਾਰ ਖੁਰਾਕਾਂ ਹਨ। ਟਰੱਕ ਸਟਾਰਟ ਖੜਿਆ ਹੈ ਅਤੇ ਡਰਾਈਵਰ ਦਾ ਕਿਧਰੇ ਪਤਾ ਨਹੀਂ।
ਪੂਰਾ ਮਾਮਲਾ ਇਹ ਹੈ ਕਿ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਇੱਕ ਕੰਟੇਨਰ ਟਰੱਕ ਸੜਕ ਕਿਨਾਰੇ ਸਟਾਰਟ ਹਾਲਤ ਵਿੱਚ ਖੜ੍ਹਾ ਸੀ। ਦੁਪਹਿਰ ਢੇਡ ਵਜੇ ਦੇ ਕਰੀਬ ਸਥਾਨਿਕ ਵਾਸੀਆਂ ਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਜਿਸ 'ਤੇ ਕਰੇਲੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ। ਜਦੋਂ ਪੁਲਿਸ ਨੇ ਟਰੱਕ ਦੇ ਕਾਗਜ਼ਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਗੁੜਗਾਓ ਦੀ ਟੀਸੀਆਈ ਕੋਲਡ ਚੇਨ ਸਲਿਊਸ਼ਨ ਕੰਪਨੀ ਦਾ ਕੰਟੇਨਰ ਟਰੱਕ ਹੈ, ਜੋ ਹੈਦਰਾਬਾਦ ਤੋਂ ਕਰਨਾਲ ਕੋਰੋਨਾ ਵੈਕਸੀਨ ਲੈ ਕੇ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਇਸ 'ਚ ਭਾਰਤ ਬਾਇਓਟੈਕ ਕੰਪਨੀ ਦੀ ਕੋਰੋਨਾ ਵੈਕਸੀਨ 'ਕੋਵੈਕਸਿਨ' ਦੀਆਂ 2 ਲੱਖ 40 ਹਜ਼ਾਰ ਖੁਰਾਕਾਂ ਹੈਦਰਾਬਾਦ ਤੋਂ ਕਰਨਾਲ ਜਾ ਰਹਿਆਂ ਸੀ।
ਕੋਵੈਕਸਿਨ ਨੂੰ 364 ਵੱਡੇ ਬਕਸੇ ਵਿੱਚ ਸਟੋਰ ਕੀਤਾ ਗਿਆ ਸੀ। ਪੁਲਿਸ ਨੇ ਕੰਪਨੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਡਰਾਈਵਰ ਦੇ ਮੋਬਾਈਲ ਨੰਬਰ ਦਾ ਪਤਾ ਲਗਾਇਆ ਜੋ ਕਿ 15 ਕਿਲੋਮੀਟਰ ਦੂਰ ਨਰਸਿੰਘਪੁਰ ਬਾਈਪਾਸ ਦੇ ਨੇੜੇ ਦੀਆਂ ਝਾੜੀਆਂ ਵਿਚ ਪਿਆ ਸੀ। ਪੁਲਿਸ ਵਲੋਂ ਮੁਢਲੀ ਜਾਂਚ 'ਚ ਇਹ ਪਾਇਆ ਗਿਆ ਕਿ ਡਰਾਈਵਰ ਇੱਥੇ ਮੋਬਾਈਲ ਸੁੱਟ ਕੇ ਭੱਜ ਗਿਆ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਚਾਲਕ ਦਾ ਨਾਂ ਵਿਕਾਸ ਮਿਸ਼ਰਾ ਹੈ ਜੋ 22 ਸਾਲਾ ਦਾ ਹੈ ਅਤੇ ਉੱਤਰ ਪ੍ਰਦੇਸ਼ ਦੇ ਅਮੇਠੀ ਦਾ ਵਸਨੀਕ ਹੈ।
ਉਧਰ ਜਦੋਂ ਪੁਲਿਸ ਨੇ ਟੀਕਾ ਪਹੁੰਚਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇੱਕ ਹੋਰ ਡਰਾਈਵਰ ਨੂੰ ਨਾਗਪੁਰ ਤੋਂ ਭੇਜਿਆ ਗਿਆ ਹੈ, ਜਿਸ ਦੇ ਦੇਰ ਸ਼ਾਮ ਕਰੇਲੀ ਪਹੁੰਚਣ ਦੀ ਸੰਭਾਵਨਾ ਹੈ। ਉਧਰ ਇਸ ਮਾਮਲੇ ਵਿੱਚ ਕੋਰੋਨਾ ਟੀਕੇ ਵਰਗੀ ਅਹਿਮ ਦਵਾਈ ਦੀ ਸਪਲਾਈ 'ਚ ਬਹੁਤ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਹੁਣ ਸਨਾਲ ਤਾਂ ਇਹ ਖੜ੍ਹਾ ਹੁੰਦਾ ਹੈ ਕਿ ਆਖਿਰਕਾਰ ਟਰੱਕ ਨੂੰ ਇਸ ਤਰ੍ਹਾਂ ਛੱਡ ਕੇ ਡਰਾਈਵਰ ਕਿਉਂ ਅਤੇ ਕਿੱਥੇ ਭੱਜ ਗਿਆ। ਫਿਲਹਾਲ ਇਸ ਟਰੱਕ ਨੂੰ ਹੋਰ ਡਰਾਈਵਰ ਰਾਹੀਂ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਗਾਇਬ ਚਾਲਕ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ: Complete Lockdown: ਦੇਸ਼ 'ਚ ਲੱਗ ਰਿਹਾ 18 ਦਿਨਾਂ ਦਾ ਪੂਰਨ ਲੌਕਡਾਊਨ! ਜਾਣੋ ਇਸ ਦਾ ਸੱਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904