ਨਵੀਂ ਦਿੱਲੀ: ਮਹਾਰਾਸ਼ਟਰ ਦੇ ਗੜਚਿਰੌਲੀ ਵਿੱਚ ਨਕਸਲੀਆਂ ਖਿਲਾਫ ਵੱਡਾ ਆਪ੍ਰੇਸ਼ਨ ਚਲਾਇਆ ਗਿਆ ਹੈ। ਮਹਾਰਾਸ਼ਟਰ ਪੁਲਿਸ ਨੇ ਇਸ ਇਲਾਕੇ ਦੇ 14 ਨਕਸਲੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦੇ ਇਸ ਐਕਸ਼ਨ ਵਿੱਚ ਨਕਸਲੀ ਲੀਡਰ ਸਾਈਨਾਥ ਤੇ ਸੀਨੂ ਵੀ ਮਾਰੇ ਗਏ। ਸਰਕਾਰ ਦਾ ਦਾਅਵਾ ਹੈ ਕਿ ਇਸ ਇਲਾਕੇ ਤੋਂ ਹੁਣ ਨਕਸਲਵਾਦ ਖਤਮ ਹੋ ਗਿਆ ਹੈ।
ਗੜਚਿਰੌਲੀ ਜ਼ਿਲ੍ਹੇ ਦੇ ਇਟਾਪੱਲੀ ਦੇ ਬੋਰੀਆ ਖੇਤਰ ਵਿੱਚ ਮਹਾਰਾਸ਼ਟਰ ਪੁਲਿਸ ਨਾਲ ਮੁਕਾਬਲੇ ਵਿੱਚ ਇਹ ਨਕਸਲੀ ਮਾਰੇ ਗਏ ਹਨ। ਗੜਚਿਰੌਲੀ ਵਿੱਚ ਸੁਰੱਖਿਆ ਫੋਰਸਾਂ ਦੇ ਜਵਾਨ ਹੀ ਨਹੀਂ ਸਗੋਂ ਲੋਕਲ ਵਸਨੀਕ ਵੀ ਨਕਸਲੀਆਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਪਿਛਲੇ ਸਾਲ ਅਪ੍ਰੈਲ ਵਿੱਚ ਸੁਕਮਾ ਵਿੱਚ ਨਕਸਲੀਆਂ ਨੇ ਸੀਆਰਪੀਐਫ ਜਵਾਨਾਂ 'ਤੇ ਹਮਲਾ ਕਰ ਦਿੱਤਾ ਸੀ। ਇਸ ਵਿੱਚ 25 ਜਵਾਨਾਂ ਦੀ ਮੌਤ ਹੋ ਗਈ ਸੀ।
ਭਾਰਤ ਵਿੱਚ ਨਕਸਲ ਅੰਦੋਲਨ ਦੀ ਸ਼ੁਰੂਆਤ ਪੱਛਮੀ ਬੰਗਾਲ ਦੇ ਨਕਸਲਬਾੜੀ ਤੋਂ ਹੋਈ ਸੀ। ਇਸੇ ਲਈ ਇਸ ਅੰਦੋਲਨ ਨੂੰ ਨਕਸਲ ਅੰਦੋਲਨ ਕਿਹਾ ਜਾਂਦਾ ਹੈ। ਦਰਅਸਲ ਇਹ ਅੰਦੋਲਨ ਜ਼ਮੀਨ ਸੁਧਾਰ ਖਿਲਾਫ ਸੀ। ਅਮੀਰ ਲੋਕਾਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਕਬਜ਼ਾ ਕਰਨ ਖਿਲਾਫ ਗੁੱਸਾ ਸੀ। ਨਕਸਲ ਅੰਦੋਲਨ ਚਾਰੂ ਮਜੂਮਦਾਰ ਨੇ ਸ਼ੁਰੂ ਕੀਤਾ ਸੀ।