ਮੁਬੰਈ: ਮਹਾਰਾਸ਼ਟਰ ਸਰਕਾਰ ਕਥਿਤ ਤੌਰ 'ਤੇ " ਪੈਸੇ ਦੀ ਘਾਟ" ਦਾ ਸਾਹਮਣਾ ਕਰ ਰਹੀ ਹੈ। ਪਰ ਇਸ ਮੰਦੀ ਦੌਰਾਨ ਵੀ ਆਪਣੇ ਮੰਤਰੀਆਂ ਅਤੇ ਖੇਡਾਂ 'ਤੇ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਲਈ 1.37 ਕਰੋੜ ਰੁਪਏ ਕੀਮਤ ਦੀਆਂ 6 ਲਗਜ਼ਰੀ ਕਾਰਾਂ ਦੀ ਖਰੀਦ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ ਹਰੇਕ ਕਾਰ ਦੀ ਕੀਮਤ ਲਗਭਗ 22.8 ਲੱਖ ਰੁਪਏ ਹੈ ਅਤੇ ਇਨ੍ਹਾਂ ਕਾਰਾਂ ਦੀ ਖਰੀਦ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਵਿੱਤ ਵਿਭਾਗ ਨੇ ਮਨਜ਼ੂਰੀ ਦਿੱਤੀ ਹੈ।


ਇਹ ਜਾਣਕਾਰੀ ਕੈਬਨਿਟ ਮੰਤਰੀ ਵਿਜੇ ਵਾਡੇਤੀਵਾਰ ਦੇ ਦੋ ਦਿਨ ਪਹਿਲਾਂ ਦਿੱਤੇ ਇਕ ਬਿਆਨ ਤੋਂ ਬਾਅਦ ਸਾਹਮਣੇ ਆਈ ਹੈ। ਆਪਣੇ ਬਿਆਨ ਵਿੱਚ ਵਿਜੈ ਵਾਡੇਤੀਵਾਰ ਨੇ ਕਿਹਾ ਸੀ ਕਿ “ਰਾਜ ਨੂੰ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਅਦਾ ਕਰਨ ਲਈ ਕਰਜ਼ਾ ਲੈਣਾ ਪੈ ਸਕਦਾ ਹੈ।” ਉਸਨੇ ਇਸ ਹਫ਼ਤੇ ਆਪਣੇ ਬਿਆਨ ਵਿੱਚ ਕਿਹਾ ਕਿ "ਰਾਜ ਦੀ ਸਥਿਤੀ ਅਜਿਹੀ ਹੈ ਕਿ ਇਸਨੂੰ ਅਗਲੇ ਮਹੀਨੇ ਸਰਕਾਰੀ ਅਧਿਕਾਰੀਆਂ ਦੀਆਂ ਤਨਖਾਹਾਂ ਦੇਣ ਲਈ ਕਰਜ਼ਾ ਲੈਣਾ ਪਵੇਗਾ। ਸਿਰਫ 3-4 ਵਿਭਾਗਾਂ ਨੂੰ ਛੱਡ ਕੇ, ਸਾਰਿਆਂ ਦੇ ਐਕਸਪੈਂਸ ਵੀ ਘੱਟ ਕੀਤੇ ਗਏ ਹਨ।"

ਇਸ ਦੇ ਨਾਲ ਹੀ ਮੰਤਰੀ ਨੇ ਕੇਂਦਰ ਨੂੰ ਫੰਡਾਂ ਦੀ ਘਾਟ ਲਈ ਜ਼ਿੰਮੇਵਾਰ ਠਹਿਰਾਇਆ ਸੀ ਪਰ ਇਹ ਵੀ ਕਿਹਾ ਸੀ ਕਿ ਕੋਵਿਡ -19 ਨੂੰ ਸੰਭਾਲਣ ਲਈ ਰਾਜ ਵਿੱਚ ਨਕਦੀ ਦੀ ਕੋਈ ਵੀ ਘਾਟ ਨਹੀਂ ਹੈ।ਮਹਾਰਾਸ਼ਟਰ ਨੂੰ ਪਿਛਲੇ ਚਾਰ ਮਹੀਨਿਆਂ ਵਿੱਚ ਕੋਰੋਨਾਵਾਇਰਲਸ ਕਾਰਨ ਹੋਈ ਤਾਲਾਬੰਦੀ ਕਾਰਨ ਤਕਰੀਬਨ 50,000 ਕਰੋੜ ਰੁਪਏ ਦਾ ਮਾਲੀਆ ਘਾਟਾ ਪਿਆ ਹੈ।

ਇਸ ਸੰਵੇਦਨਸ਼ੀਲ ਸਮੇਂ ਵਿੱਚ, ਵਿਰੋਧੀ ਪਾਰਟੀ ਭਾਜਪਾ ਨੇ ਲਗਜ਼ਰੀ ਕਾਰਾਂ 'ਤੇ 1.37 ਕਰੋੜ ਰੁਪਏ ਖਰਚ ਕਰਨ ਦੇ ਰਾਜ ਸਰਕਾਰ ਦੇ ਫੈਸਲੇ ਦੀ ਅਲੋਚਨਾ ਕੀਤੀ ਹੈ।