ਚੰਡੀਗੜ੍ਹ: ਪੰਜਾਬ ਸਮੇਤ ਪੂਰੇ ਭਾਰਤ ਵਿੱਚ ਸ਼ਿਵ ਮਹਾ-ਸ਼ਿਵਰਾਤਰੀ ਦੇ ਪਵਿੱਤਰ ਮੌਕੇ ਖ਼ੂਬ ਰੌਣਕਾਂ ਹਨ। ਲੋਕ ਸਵੇਰ ਤੋਂ ਹੀ ਮੰਦਰਾਂ ਵਿੱਚ ਜਾ ਕੇ ਆਪਣੀ ਸ਼ਰਧਾ ਭਾਵਨਾ ਭੇਟ ਕਰ ਰਹੇ ਹਨ। ਇਸ ਵਾਰ ਸ਼ਿਵਰਾਤਰੀ ਅੱਜ ਤੇ ਕੱਲ੍ਹ ਦੋ ਦਿਨ ਮਨਾਈ ਜਾਵੇਗੀ। ਇਸ ਮੌਕੇ ਲੋਕ ਭੋਲੇਨਾਥ ਦਾ ਜਲ ਨਾਲ ਅਭਿਸ਼ੇਕ ਕਰਦੇ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਇਸ ਤਿਉਹਾਰ ਨੂੰ ਭਾਈਚਾਰਕ ਸਾਂਝ ਅਤੇ ਸਦਭਾਵਨਾ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਸ ਪਵਿੱਤਰ ਮੌਕੇ ਬੁਰਾਈ ਦਾ ਖਾਤਮਾ ਕਰਨ ਵਾਲੇ ਭਗਵਾਨ ਸ਼ਿਵ ਵੱਲੋਂ ਦਿਖਾਏ ਮਾਰਗ 'ਤੇ ਚੱਲ ਕੇ ਕੁੱਲ ਲੋਕਾਈ ਦੀ ਭਲਾਈ ਲਈ ਸਾਕਾਰਤਮਕ ਮਾਹੌਲ ਸਿਰਜਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦਿਹਾੜੇ 'ਤੇ ਮਨੁੱਖਤਾ ਨੂੰ ਮਿਟਾਉਣ ਲਈ ਚੁਣੌਤੀ ਬਣ ਰਹੀਆਂ ਤਾਕਤਾਂ 'ਤੇ ਨੇਕੀ ਦੀ ਜਿੱਤ ਪਾਉਣ ਲਈ ਲੜਾਈ ਲੜਨ ਦਾ ਪ੍ਰਣ ਕਰੀਏ।
ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਮੰਤਰੀਆਂ ਨੇ ਲੋਕਾਂ ਨੂੰ ਮਹਾ-ਸ਼ਿਵਰਾਤਰੀ 'ਤੇ ਵਧਾਈ ਦਿੱਤੀ ਹੈ। ਮੰਤਰੀਆਂ ਨੇ ਕਿਹਾ ਕਿ ਸਾਰੇ ਭਾਈਚਾਰਿਆਂ ਨੂੰ ਸ਼ਿਵਰਾਤਰੀ ਦਾ ਤਿਓਹਾਰ ਰਲ ਮਿਲ ਕੇ ਮਿਲਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸ਼ਿਵਰਾਤਰੀ ਵਾਂਗ ਹੋਰ ਤਿਓਹਾਰ ਵੀ ਸਾਰੇ ਧਰਮਾਂ ਦੇ ਲੋਕਾਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ। ਮਹਾ ਸ਼ਿਵਰਾਤਰੀ ਹਿੰਦੂਆਂ ਦਾ ਪ੍ਰਮੁੱਖ ਤਿਉਹਾਰ ਹੈ, ਮਾਨਤਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਤੇ ਦੇਵੀ ਪਾਰਵਤੀ ਦਾ ਵਿਆਹ ਹੋਇਆ ਸੀ।