ਚੰਡੀਗੜ੍ਹ: ਅੱਜ ਮਾਘੀ ਦਾ ਤਿਉਹਾਰ ਹੈ। ਦੇਸ਼ ਭਰ ਵਿੱਚ ਮਕਰ ਸੰਕਰਾਂਤੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦਾ ਖਿਚੜੀ ਨਾਲ ਖ਼ਾਸ ਸਬੰਧ ਹੈ। ਇਸ ਦਿਨ ਲੋਕ ਖਿਚੜੀ ਬਣਾ ਕੇ ਸੂਰਜ ਦੇਵਤਾ ਨੂੰ ਪ੍ਰਸ਼ਾਦ ਚੜ੍ਹਾਉਂਦੇ ਹਨ। ਅੱਜ ਅਸੀਂ ਮਕਰ ਸੰਕਰਾਂਤੀ ਦੇ ਤਿਉਹਾਰ ਨਾਲ ਖਿਚੜੀ ਦੇ ਸਬੰਧ ਤੇ ਇਸ ਦੇ ਮਹੱਤਵ ਬਾਰੇ ਦੱਸਾਂਗੇ।

ਇਤਿਹਾਸਕ ਮਹੱਤਵ

ਦਰਅਸਲ ਖਿਚੜੀ ਦਾ ਇਤਿਹਾਸਕ ਤੇ ਕੁਦਰਤੀ ਮਹੱਤਵ ਹੈ। ਇੱਕ ਮਿਥਿਹਾਸਕ ਕਥਾ ਮੁਤਾਬਕ ਖਿਲਜੀ ਦੇ ਹਮਲੇ ਸਮੇਂ ਨਾਥ ਯੋਗੀਆਂ ਨੂੰ ਆਪਣੇ ਲਈ ਭੋਜਨ ਬਣਾਉਣ ਦਾ ਸਮਾਂ ਨਹੀਂ ਮਿਲ ਰਿਹਾ ਸੀ। ਇਸ ਵਜ੍ਹਾ ਕਰਕੇ ਉਹ ਕਮਜ਼ੋਰ ਹੁੰਦੇ ਜਾ ਰਹੇ ਸੀ। ਇਸ ਮਗਰੋਂ ਬਾਬਾ ਗੋਰਖਨਾਥ ਨੇ ਸਾਰੀਆਂ ਸਬਜ਼ੀਆਂ ਨੂੰ ਦਾਲ, ਚਾਵਲ ਤੇ ਮਸਾਲਿਆਂ ਨਾਲ ਪਕਾ ਕੇ ਇਸ ਤਰ੍ਹਾਂ ਖਿਚੜੀ ਬਣੀ।

ਇਸ ਤਰ੍ਹਾਂ ਸਾਰੀਆਂ ਸਬਜ਼ੀਆਂ ਤੋਂ ਬਣੀ ਖਿਚੜੀ ਕਾਫ਼ੀ ਪੌਸ਼ਟਿਕ ਸੀ ਤੇ ਝਟਪਟ ਬਣ ਜਾਂਦੀ ਸੀ। ਇਸੇ ਤਰ੍ਹਾਂ ਉਹ ਖਿਲਜੀ ਦਾ ਅੱਤਵਾਦ ਦੂਰ ਕਰਨ ਵਿੱਚ ਸਫ਼ਲ ਰਹੇ। ਖਿਲਜੀ ਤੋਂ ਮੁਕਤੀ ਮਿਲਣ ਕਰਕੇ ਗੋਰਖਪੁਰ ਵਿੱਚ ਮਕਰ ਸੰਕਰਾਂਤੀ ਨੂੰ ਵਿਜੈ ਦਰਸ਼ਨ ਪਰਵ ਵਜੋਂ ਵੀ ਮਨਾਇਆ ਜਾਂਦਾ ਹੈ।

ਖਿਚੜੀ ਦਾ ਆਪਣਾ ਇਤਿਹਾਸ ਵੀ ਹੈ। ਕਿਹਾ ਜਾਂਦਾ ਹੈ ਕਿ 14ਵੀਂ ਸ਼ਤਾਬਦੀ ਵਿੱਚ ਭਾਰਤ ਯਾਤਰਾ ’ਤੇ ਆਏ ਇਬਨ ਬਤੂਤਾ ਨੇ ਆਪਣੇ ਯਾਤਰਾ ਬਿਰਤਾਂਤ ਵਿੱਚ ਲਿਖਿਆ ਸੀ ਕਿ ਭਾਰਤ ਵਿੱਚ ਮੂੰਗ ਦਾਲ ਨੂੰ ਚਾਵਲਾਂ ਨਾਲ ਪਕਾ ਕੇ ਖਾਧਾ ਜਾਂਦਾ ਹੈ। ਇਸ ਨੂੰ ਕਿਸ਼ਰੀ ਕਿਹਾ ਜਾਂਦਾ ਹੈ, ਜੋ ਉਨ੍ਹਾਂ ਦਾ ਹਰ ਸਵੇਰ ਦਾ ਨਾਸ਼ਤਾ ਹੁੰਦਾ ਹੈ। ਇਸ ਦੇ ਬਾਅਦ ਵੀ ਅਗਲੀਆਂ ਕਈ ਸ਼ਤਾਬਦੀਆਂ ਤਕ ਖਿਚੜੀ ਬਾਰੇ ਜ਼ਿਕਰ ਮਿਲਦਾ ਹੈ। 16ਵੀਂ ਸਦੀ ਵਿੱਚ ਲਿਖੀ ਆਈਨੇ-ਅਕਬਰੀ ਵਿੱਚ ਖਿਚੜੀ ਦੀਆਂ 7 ਵਿਧੀਆਂ ਲਿਖੀਆਂ ਹਨ।

ਬੀਰਬਲ ਦੀ ਖਿਚੜੀ ਦਾ ਕਿੱਸਾ ਵੀ ਕਾਫੀ ਮਕਬੂਲ ਹੈ। ਇਸ ਦੇ ਇਲਾਵਾ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਵੀ ਖਿਚੜੀ ਦਾ ਮਹੱਤਵ ਸੀ। ਉਨ੍ਹਾਂ ਆਂਡੇ ਤੇ ਮੱਛੀ ਮਿਲਾ ਕੇ ਕੈਡਗਰੀ ਨਾਂ ਦਾ ਨਾਸ਼ਤਾ ਬਣਾਇਆ। ਇਸ ਦੇ ਇਲਾਵਾ ਮਿਸਰ ਵਿੱਚ ਕੁਸ਼ਾਰੀ ਪਕਾਇਆ ਜਾਂਦਾ ਹੈ ਜੋ ਖਿਚੜੀ ਨਾਲ ਮਿਲਦਾ ਜੁਲਦਾ ਹੈ।

ਕੁਦਰਤੀ ਮਹੱਤਵ

ਇਸ ਤੋਂ ਇਲਾਵਾ ਇਸ ਦਾ ਇੱਕ ਹੋਰ ਕੁਦਰਤੀ ਕਾਰਨ ਵੀ ਹੈ। ਦਰਅਸਲ ਮਕਰ ਸੰਕਰਾਂਤੀ ਦੇ ਕੁਝ ਦਿਨ ਬਾਅਦ ਬਸੰਤ ਦਾ ਆਗਮਨ ਹੁੰਦਾ ਹੈ। ਬਸੰਤ ਰੁੱਤ ਦਾ ਰੰਗ ਪੀਲਾ ਹੁੰਦਾ ਹੈ ਤੇ ਖਿਚੜੀ ਦਾ ਰੰਗ ਵੀ ਪੀਲਾ ਹੁੰਦਾ ਹੈ।

ਸੰਸਕ੍ਰਿਤਿਕ ਸ਼ਬਦ ‘ਖਿੱਚਾ’ ਤੋਂ ਬਣੀ ਖਿਚੜੀ

ਸੰਸਕ੍ਰਿਤ ਦੇ ਸ਼ਬਦ ‘ਖਿੱਚਾ’ ਦਾ ਮਤਲਬ ਹੈ ਚਾਵਲ ਤੇ ਦਾਲ ਤੋਂ ਬਣਿਆ ਭੋਜਨ। ਇਸੇ ਸ਼ਬਦ ਤੋਂ ਖਿਚੜੀ ਬਣੀ। ਹਾਲਾਂਕਿ ਵੱਖ-ਵੱਖ ਭਾਸ਼ਾਵਾਂ ਵਿੱਚ ਇਸ ਨੂੰ ਵੱਖ-ਵੱਖ ਤਰ੍ਹਾਂ ਬੋਲਿਆ ਤੇ ਲਿਖਿਆ ਜਾਂਦਾ ਹੈ।