ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਪੀਐਫ ਦਾ ਇੰਟਰਸਟ ਰੇਟ ਘਟਾਉਣ 'ਤੇ ਮੋਦੀ ਸਰਕਾਰ 'ਤੇ ਵੱਡਾ ਹਮਲਾ ਕੀਤਾ ਹੈ। ਮਮਤਾ ਬੈਨਰਜੀ ਨੇ ਰਾਜਧਾਨੀ ਕੋਲਕਾਤਾ ਵਿੱਚ ਕਿਹਾ ਕਿ ਪੀਐਫ 'ਤੇ ਵਿਆਜ ਦਰ ਇਸ ਲਈ ਘਟਾਈ ਗਈ ਹੈ ਤਾਂ ਜੋ ਪੀਐਨਬੀ ਘੁਟਾਲੇ ਵਿੱਚ ਡੁੱਬਿਆ ਪੈਸਾ ਲੋਕਾਂ ਤੋਂ ਇਕੱਠਾ ਕੀਤਾ ਜਾਵੇ।



ਮਮਤਾ ਨੇ ਕਿਹਾ ਕਿ ਜਦ ਸਾਲ 2014 ਵਿੱਚ ਬੀਜੇਪੀ ਸੱਤਾ ਵਿੱਚ ਆਈ ਸੀ ਤਾਂ ਪੀਐਫ ਲਈ ਵਿਆਜ ਦੀ ਦਰ 8.82 ਫੀਸਦੀ ਸੀ ਜਿਹੜੀ ਹੁਣ 8.55 ਫੀਸਦੀ ਰਹਿ ਗਈ ਹੈ। ਇਸ ਨਾਲ ਨੌਕਰੀ ਪੇਸ਼ਾ ਲੋਕਾਂ 'ਤੇ ਕਾਫੀ ਬੁਰਾ ਅਸਰ ਹੋਵੇਗਾ। ਮਮਤਾ ਨੇ ਕਿਹਾ ਕਿ ਜਿੱਥੇ ਕਿਤੇ ਵੀ ਲੁੱਟ ਹੁੰਦੀ ਹੈ ਉਸ ਦੇ ਹਰਜਾਨੇ ਵਜੋਂ ਲੋਕਾਂ ਦੀ ਜੇਬ ਦੀ ਲੁੱਟ ਕੀਤੀ ਜਾਂਦੀ ਹੈ। ਹੁਣ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਬੈਂਕਾਂ ਵਿੱਚ ਪਿਆ ਆਪਣਾ ਪੈਸਾ ਵਾਪਸ ਲਿਆ ਵੀ ਜਾ ਸਕਦਾ ਹੈ ਜਾਂ ਨਹੀਂ।

22 ਫਰਵਰੀ ਨੂੰ ਈਪੀਐਫ ਨੇ ਪੀਐਫ (ਪ੍ਰੋਵੀਡੇਂਟ ਫੰਡ) ਦੀਆਂ ਦਰਾਂ ਘਟਾ ਦਿੱਤੀਆਂ ਹਨ। ਈਪੀਐਫਓ ਨੇ ਇਸ ਵਿੱਤੀ ਸਾਲ ਦੇ ਲਈ ਪੀਐਫ ਦੀਆਂ ਦਰਾਂ ਘਟਾ ਕੇ 8.55 ਫੀਸਦੀ ਕਰ ਦਿੱਤੀਆਂ ਹਨ। ਪਹਿਲਾਂ ਇਹ 8.65 ਫੀਸਦੀ ਸੀ। ਇਸ ਨਾਲ ਲੋਕਾਂ ਦੀ ਜੇਬ ਵਿੱਚ ਪੈਸਾ ਘੱਟ ਆਵੇਗਾ। ਇਸ ਤੋਂ ਪਹਿਲਾਂ 2015-16 ਵਿੱਚ 8.8 ਫੀਸਦੀ ਸੀ ਜਿਸ ਨੂੰ ਘਟਾ ਕੇ 8.55 ਫੀਸਦੀ ਕਰ ਦਿੱਤਾ ਗਿਆ ਸੀ।