ਨਵੀਂ ਦਿੱਲੀ: ਬੇਂਗਲੁਰੂ ਵਿੱਚ ਆਪਣੇ 10 ਸਾਲਾ ਪੁੱਤਰ ਨੂੰ ਕਰੂਰਤਾ ਨਾਲ ਕੁੱਟਣ ਵਾਲੇ ਪਿਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਆਪਣੇ ਬੱਚੇ ਨੂੰ ਕੁੱਟਣ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੱਛਮੀ ਬੇਂਗਲੁਰੂ ਦੇ ਗਲੋਬਲ ਵਿਲੇਜ ਦੇ ਰਹਿਣ ਵਾਲੇ ਪੇਸ਼ੇ ਤੋਂ ਪਲੰਬਰ 37 ਸਾਲਾ ਮਹਿੰਦਰ ਕੁਮਾਰ ਵਿਰੁੱਧ ਕਰਨਾਟਕ ਪੁਲਿਸ ਨੇ ਜੁਵਿਨਾਈਲ ਐਕਟ ਤਹਿਤ ਅਪਰਾਧਿਕ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਕੀ ਹੈ ਪੂਰਾ ਮਾਮਲਾ-

ਇਹ ਘਟਨਾ 17 ਨਵੰਬਰ 2017 ਦੀ ਹੈ ਜਦੋਂ ਮਹਿੰਦਰ ਕੁਮਾਰ ਦੀ ਪਤਨੀ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੂੰ ਝੂਠ ਬੋਲਣ ਦੀ ਆਦਤ ਪੈ ਗਈ ਹੈ। ਪਤਨੀ ਵੱਲੋਂ ਬੱਚੇ ਦੀ ਅਜਿਹੀ ਸ਼ਿਕਾਇਤ ਮਿਲਣ 'ਤੇ ਮੁਲਜ਼ਮ ਦਾ ਪਾਰਾ ਚੜ੍ਹ ਗਿਆ ਤੇ ਉਸ ਨੇ ਪਹਿਲਾਂ ਆਪਣੇ ਤੀਜੀ ਜਮਾਤ ਵਿੱਚ ਪੜ੍ਹਦੇ ਪੁੱਤਰ ਨੂੰ ਮੋਬਾਈਲ ਚਾਰਜਰ ਦੀ ਤਾਰ ਨਾਲ ਤੇ ਫਿਰ ਲੈਦਰ ਦੀ ਬੈਲਟ ਨਾਲ ਕੁੱਟਿਆ।

ਉਸ ਨੇ ਆਪਣੇ ਪੁੱਤਰ ਨੂੰ ਪੂਰੀ ਤਰ੍ਹਾਂ ਨਾਲ ਸਬਕ ਸਿਖਾਉਣ ਲਈ ਬੈੱਡ 'ਤੇ ਕਈ ਵਾਰ ਪਟਕਣੀਆਂ ਦਿੱਤੀਆਂ। ਵੀਡੀਓ ਉਸ ਦੀ ਪਤਨੀ ਨੇ ਇਸ ਲਈ ਬਣਾਈ ਕਿ ਉਨ੍ਹਾਂ ਦਾ ਬੱਚਾ ਜਦੋਂ ਵੀ ਝੂਠ ਬੋਲੇ ਤਾਂ ਉਸ ਨੂੰ ਡਰਾਉਣ ਲਈ ਇਹ ਵਿਖਾ ਸਕੇ।

ਕਿਵੇਂ ਹੋਈ ਵੀਡੀਓ ਵਾਇਰਲ-

ਇਸ ਘਟਨਾ ਤੋਂ ਕੁਝ ਸਮੇਂ ਬਾਅਦ ਮਹਿੰਦਰ ਕੁਮਾਰ ਨੇ ਆਪਣਾ ਮੋਬਾਈਲ ਵਿੱਚ ਪਏ ਨੁਕਸ ਨੂੰ ਇੱਕ ਦੁਕਾਨ ਤੋਂ ਠੀਕ ਕਰਵਾਇਆ ਤਾਂ ਦੁਕਾਨਦਾਰ ਨੇ ਇਹ ਵੀਡੀਓ ਚੁਰਾ ਲਈ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿੰਦਰ ਨੂੰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ, ਮੁਲਜ਼ਮ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ਪਰ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ।

ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਚੰਡੀਗੜ੍ਹ ਤੋਂ ਵੀ ਸਾਹਮਣੇ ਆਇਆ ਸੀ, ਜਿੱਥੇ ਇੱਕ ਮਤਰੇਈ ਮਾਂ ਨੇ ਛੋਟੀ ਬੱਚੀ ਨੂੰ ਬੋਰੀ ਵਿੱਚ ਪਾ ਕੇ ਕੁੱਟ ਮਾਰ ਕਰਨ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸਨ। ਉਸ ਵਿਰੁੱਧ ਵੀ ਮਾਮਲਾ ਦਰਜ ਹੈ ਤੇ ਅਦਾਲਤ ਵਿੱਚ ਜਾਰੀ ਹੈ। ਮੁਲਜ਼ਮ ਔਰਤ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ।