ਨਵੀਂ ਦਿੱਲੀ: ਰਾਜੌਰੀ ਗਾਰਡਨ ਤੋਂ ਭਾਜਪਾ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਬਾਲੀਵੁੱਡ ਦੇ ਸਿਤਾਰਿਆਂ ਵੱਲੋਂ ਕਥਿਤ ਤੌਰ 'ਤੇ ਨਸ਼ਾ ਕਰਨ ਹੋਣ ਦੀ ਗੱਲ ਨੂੰ ਮੁੜ ਦੁਹਰਾਇਆ ਹੈ। ਇੰਨਾ ਹੀ ਨਹੀਂ ਸਿਰਸਾ ਦੀਪਿਕਾ, ਰਣਬੀਰ ਕਪੂਰ, ਸ਼ਾਹਿਦ ਕਪੂਰ, ਅਰਜੁਨ ਕਪੂਰ ਤੇ ਕਰਨ ਜੌਹਰ ਜਿਹੇ ਸਿਤਾਰਿਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਵੀ ਮੰਗ ਕਰ ਦਿੱਤੀ ਹੈ।


ਸਿਰਸਾ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਮੁੰਬਈ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਉਕਤ ਸਿਤਾਰਿਆਂ ਖ਼ਿਲਾਫ਼ ਨਾਰਕੋਟਿਕਸ ਡਰੱਗਸ ਤੇ ਸਾਈਕੋਟ੍ਰੌਪਿਕ ਪਦਾਰਥ ਐਕਟ 1985 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸਿਰਸਾ ਨੇ ਚਿੱਠੀ ਵਿੱਚ ਕਿ ਬਾਲੀਵੁੱਡ ਸਿਤਾਰੇ 28 ਜੁਲਾਈ ਨੂੰ ਕਰਨ ਜੌਹਰ ਦੇ ਘਰ ਕਥਿਤ ਡਰੱਗ ਪਾਰਟੀ ਦਾ ਜ਼ਿਕਰ ਕੀਤਾ ਹੈ।


ਮਨਜਿੰਦਰ ਸਿੰਘ ਸਿਰਸਾ ਨੇ ਟ੍ਰੋਲਰਜ਼ ਨੂੰ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕੁਝ ਲੋਕਾਂ ਦੇ ਟਵੀਟਸ ਦੇ ਸਕਰੀਨ ਸ਼ੌਟ ਪੋਸਟ ਕਰ ਲਿਖਿਆ ਕਿ ਉਹ ਇੱਕ ਮਕਸਦ ਲਈ ਲੜ ਰਹੇ ਹਨ। ਉਨ੍ਹਾਂ ਕਿਹਾ,"ਇਹ ਨਸ਼ੇ ਦੇ ਆਦੀ ਸਿਤਾਰੇ ਅਸਲ ਜੀਵਨ ਵਿੱਚ ਗਲਤ ਟ੍ਰੈਂਡ ਬਣਾ ਰਹੇ ਹਨ। ਉਹ ਪਰਦੇ 'ਤੇ ਰਹਿ ਕੇ ਦੇਸ਼ ਤੇ ਨੌਜਵਾਨਾਂ ਨੂੰ ਬਦਨਾਮ ਕਰ ਰਹੇ ਹਨ। ਮੈਂ ਇਸ ਕੇਸ ਨੂੰ ਅਖੀਰ ਤਕ ਲੈ ਕੇ ਜਾਊਂਗਾ ਤੇ ਸਿਤਾਰਿਆਂ ਦੇ ਪਖੰਡ ਨੂੰ ਉਜਾਗਰ ਕਰਾਂਗਾ।"