ਚੰਡੀਗੜ੍ਹ: ਇੱਕ ਪਾਸੇ ਪੂਰੇ ਦੇਸ਼ ਵਿੱਚ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਕਰਵਾਚੌਥ ਦਾ ਵਰਤ ਮਨਾ ਰਹੀਆਂ ਹਨ ਪਰ ਦੂਜੇ ਪਾਸੇ ਬਹਾਦੁਰ ਔਰਤ ਨੇ ਕਰਵਾਚੌਥ ਵਾਲੇ ਦਿਨ ਹੀ ਆਪਣੇ ਸ਼ਹੀਦ ਪਤੀ ਨੂੰ ਅੰਤਿਮ ਵਿਦਾਈ ਦਿੱਤੀ। 14 ਪੰਜਾਬ ਰੈਜੀਮੈਂਟ ਵਿੱਚ ਤਾਇਨਾਤ ਬ੍ਰਿਜੇਸ਼ ਕਸ਼ਮੀਰ ਵਿੱਚ ਸ਼ੁੱਕਰਵਾਰ ਸਵੇਰੇ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ ਸੀ। ਅੱਜ ਸ਼ਹੀਦ ਦੇ ਨਿਵਾਸ ਬੰਗਾਣਾ, ਊਨਾ ਵਿੱਚ ਫੌਜ ਤੇ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਪੂਰੇ ਰਾਜਸੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਸ਼ਹੀਦ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਅੱਤਵਾਦ ਦਾ ਮੂੰਹਤੋੜ ਜਵਾਬ ਦੇਣ ਤੇ ਇਸਨੂੰ ਜੜ੍ਹੋਂ ਖ਼ਤਮ ਕਰਨ ਦੀ ਅਪੀਲ ਕੀਤੀ ਹੈ।

ਹਿਮਾਚਲ ਸਰਕਾਰ ਵੱਲੋਂ ਸ਼ਹੀਦ ਨੂੰ ਅੰਤਮ ਵਾਦਈ ਦੇਣ ਪੁੱਜੇ ਪੰਚਾਇਤੀ ਰਾਜ ਮੰਤਰੀ ਨੇ ਸ਼ਹੀਦ ਦੇ ਪਰਿਵਾਰ ਨੂੰ 20 ਲੱਖ ਰੁਪਏ ਦੀ ਆਰਥਕ ਸਹਾਇਤਾ, ਪਰਿਵਾਰਿਕ ਮੈਂਬਰ ਨੂੰ ਨੌਕਰੀ, ਧੀ ਦੀ ਪੜ੍ਹਾਈ ਦਾ ਖਰਚਾ ਤੇ ਸ਼ਹੀਦ ਬ੍ਰਿਜੇਸ਼ ਦੇ ਨਾਂ ’ਤੇ ਪਿੰਡ ਦਾ ਗੇਟ ਤੇ ਸੜਕ ਦਾ ਨਾਂ ਰੱਖਣ ਦਾ ਐਲਾਨ ਕੀਤਾ।

ਬ੍ਰਿਜੇਸ਼ 2003 ਵਿੱਚ 14 ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ ਤੇ ਮੌਜੂਦਾ ਜੰਮੂ ਦੇ ਸ਼ੋਪੀਆਂ ਵਿੱਚ ਤਾਇਨਾਤ ਸੀ। ਸ਼ੁੱਕਰਵਾਰ ਨੂੰ ਸਵੇਰੇ ਕਰੀਬ 3 ਵਜੇ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਉਸਨੇ ਸ਼ਹੀਦੀ ਪਾਈ। ਬ੍ਰਿਜੇਸ਼ ਆਪਣੇ ਪਿੱਛੇ ਆਪਣੀ ਮਾਂ, ਪਤਨੀ ਸ਼ਵੇਤਾ ਤੇ 6 ਸਲਾਂ ਦੀ ਧੀ ਛੱਡ ਗਿਆ ਹੈ।

ਸ਼ਵੇਤਾ ਨੇ ਦੱਸਿਆ ਕਿ ਬ੍ਰਿਜੇਸ਼ ਅਕਸਰ ਕਹਿੰਦਾ ਸੀ ਕਿ ਉਸ ਲਈ ਪਹਿਲੇ ਸਥਾਨ ’ਤੇ ਦੇਸ਼, ਦੂਜੇ ਤੇ ਮਾਂ-ਬਾਪ ਤੇ ਤੀਜੇ ਥਾਂ ’ਤੇ ਉਸ ਦੀ ਪਤਨੀ ਹੈ। ਸ਼ਵੇਤਾ ਨੇ ਬ੍ਰਿਜੇਸ਼ ਨੂੰ ਦੇਸ਼ ਦਾ ਬਹਾਦੁਰ ਬੇਟਾ ਕਿਹਾ। ਇਸ ਮੌਕੇ ਸ਼ਹੀਦ ਦੀ ਮਾਂ ਨੇ ਆਪਣੇ ਮੁੰਡੇ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਸਰਕਾਰ ਤੋਂ ਮਦਦ ਦੀ ਮੰਗ ਕੀਤੀ। ਸ਼ਹੀਦ ਬ੍ਰਿਜੇਸ਼ ਆਪਣੀ ਧੀ ਨੂੰ IPS ਅਫ਼ਸਰ ਬਣਾਉਣਾ ਚਾਹੁੰਦਾ ਸੀ।