ਮੰਦੀ ਦਾ ਅਸਰ! ਮਾਰੂਤੀ ਨੇ ਲਗਾਤਾਰ 8ਵੇਂ ਮਹੀਨੇ ਘਟਾਇਆ ਪ੍ਰੋਡਕਸ਼ਨ, ਟਾਟਾ ਮੋਟਰਜ਼ ਵੀ ਪ੍ਰਭਾਵਿਤ
ਆਟੋਮੋਬਾਈਲ ਸੈਕਟਰ ਦੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਨਰਮੀ ਦੇ ਮੱਦੇਨਜ਼ਰ ਸਤੰਬਰ 'ਚ ਆਪਣੇ ਉਤਪਾਦਨ 'ਚ 17.48 ਫੀਸਦੀ ਦੀ ਕਮੀ ਕੀਤੀ ਹੈ। ਇਹ ਲਗਾਤਾਰ ਅੱਠਵਾਂ ਮਹੀਨਾ ਹੈ ਜਦੋਂ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਨੇ ਆਪਣੇ ਉਤਪਾਦਨ ਨੂੰ ਘਟਾ ਦਿੱਤਾ ਹੈ।
ਨਵੀਂ ਦਿੱਲੀ: ਆਟੋਮੋਬਾਈਲ ਸੈਕਟਰ ਦੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਨਰਮੀ ਦੇ ਮੱਦੇਨਜ਼ਰ ਸਤੰਬਰ 'ਚ ਆਪਣੇ ਉਤਪਾਦਨ 'ਚ 17.48 ਫੀਸਦੀ ਦੀ ਕਮੀ ਕੀਤੀ ਹੈ। ਇਹ ਲਗਾਤਾਰ ਅੱਠਵਾਂ ਮਹੀਨਾ ਹੈ ਜਦੋਂ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਨੇ ਆਪਣੇ ਉਤਪਾਦਨ ਨੂੰ ਘਟਾ ਦਿੱਤਾ ਹੈ।
ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਨੇ ਸਟਾਕ ਬਾਜ਼ਾਰਾਂ ਨੂੰ ਦਿੱਤੀ ਇੱਕ ਜਾਣਕਾਰੀ ਵਿੱਚ ਕਿਹਾ ਕਿ ਕੰਪਨੀ ਨੇ ਸਤੰਬਰ ਵਿੱਚ 1,32,199 ਇਕਾਈਆਂ ਦਾ ਉਤਪਾਦਨ ਕੀਤਾ, ਜਦੋਂ ਕਿ ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ 1,60,219 ਇਕਾਈਆਂ ਦਾ ਉਤਪਾਦਨ ਹੋਇਆ ਸੀ। ਪਿਛਲੇ ਮਹੀਨੇ ਪੈਸੇਂਜਰ ਵ੍ਹੀਲਜ਼ ਦਾ ਪ੍ਰੋਡਕਸ਼ਨ ਸਾਲਾਨਾ ਆਧਾਰ 'ਤੇ 17.37 ਫੀਸਦੀ ਘਟ ਕੇ 1,30,264 ਯੂਨਿਟ ਰਿਹਾ ਜਦਕਿ ਸਤੰਬਰ 2018 ਤਕ ਇਹ ਗਿਣਤੀ 1,57,659 ਯੂਨਿਟ ਸੀ।
ਇਹ ਹਾਲ ਟਾਟਾ ਮੋਟਰਜ਼ ਦਾ ਵੀ ਹੈ। ਟਾਟਾ ਮੋਟਰਜ਼ ਦੇ ਯਾਤਰੀ ਵਾਹਨਾਂ ਦਾ ਉਤਪਾਦਨ ਵੀ ਇਸ ਸਾਲ ਸਤੰਬਰ ਵਿੱਚ 63 ਫੀਸਦੀ ਘਟ ਕੇ 6,976 ਇਕਾਈ ਹੋ ਗਿਆ, ਜੋ ਪਿਛਲੇ ਸਾਲ ਇਸੇ ਮਹੀਨੇ ਵਿੱਚ 18,855 ਇਕਾਈਆਂ ਸੀ।
ਮਾਰੂਤੀ ਸੁਜ਼ੂਕੀ, ਹੁੰਡਾਈ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਟੋਯੋਟਾ ਤੇ ਹੌਂਡਾ ਸਣੇ ਸਾਰੀਆਂ ਵੱਡੀਆਂ ਆਟੋਮੋਬਾਈਲ ਕੰਪਨੀਆਂ ਦੀ ਘਰੇਲੂ ਵਿਕਰੀ ਦਹਾਈ ਅੰਕ ਘੱਟ ਗਈ ਹੈ। ਇੱਥੋਂ ਤਕ ਕਿ ਤਿਉਹਾਰ ਸ਼ੁਰੂ ਹੋਣ ਤੋਂ ਬਾਅਦ ਵੀ ਵਾਹਨ ਖੇਤਰ ਵਿੱਚ ਮੰਗ ਸੁਸਤ ਹੈ।