ਨਵੀਂ ਦਿੱਲੀ: ਮੇਹੁਲ ਚੌਕਸੀ ਨੇ ਹੁਣ ਕੰਪਨੀ ਦੇ ਲੋਕਾਂ ਨੂੰ ਤਨਖ਼ਾਹ ਦੇਣ ਤੋਂ ਹੱਥ ਖੜ੍ਹੇ ਕਰ ਲਏ ਹਨ। ਹਜ਼ਾਰਾਂ ਕਰੋੜ ਦੇ ਘੋਟਾਲੇ ਦੇ ਮੁਲਜ਼ਮ ਮੇਹੁਲ ਦੇ ਵਕੀਲ ਸੰਜੇ ਏਬੌਟ ਨੇ ਉਨ੍ਹਾਂ ਦੀ ਇੱਕ ਚਿੱਠੀ ਸਾਂਝੀ ਕੀਤੀ ਹੈ।

ਚਿੱਠੀ ਵਿੱਚ ਮੇਹੁਲ ਨੇ ਕੰਪਨੀ ਨਾਲ ਜੁੜੇ ਲੋਕਾਂ ਦੇ ਨਾਂ ਸੰਦੇਸ਼ ਵਿੱਚ ਕਿਹਾ ਹੈ ਕਿ ਮੇਰੇ ਲਈ ਤੁਹਾਡੀ ਤਨਖ਼ਾਹ ਮੁਸ਼ਕਿਲ ਹੋ ਰਹੀ ਹੈ। ਸਰਕਾਰੀ ਏਜੰਸੀਆਂ ਨੇ ਮੇਰੇ ਕਈ ਬੈਂਕ ਖਾਤੇ ਅਤੇ ਪ੍ਰਾਪਰਟੀ ਜ਼ਬਤ ਕਰ ਲਈ ਹੈ। ਇਸ ਲਈ ਮੈਂ ਹੁਣ ਸੈਲਰੀ ਦਾ ਭੁਗਤਾਨ ਨਹੀਂ ਕਰ ਸਕਦਾ।

ਹਾਲਾਤ ਅਜਿਹੇ ਹਨ ਕਿ ਹੁਣ ਮੇਹੁਲ ਆਪਣੇ ਦਫ਼ਤਰ ਦਾ ਬਿਜਲੀ ਦਾ ਬਿਲ ਦੇਣ ਤੱਕ ਦੀ ਹਾਲਤ ਵਿੱਚ ਵੀ ਨਹੀਂ ਹੈ। ਉਸ ਨੇ ਚਿੱਠੀ ਵਿੱਚ ਲਿਖਿਆ ਕਿ ਹੁਣ ਬਿਜਲੀ ਦਾ ਬਿਲ ਅਤੇ ਆਫਿਸ ਦੇ ਖਰਚੇ ਜੋਗੇ ਪੈਸੇ ਵੀ ਨਹੀਂ ਹਨ। ਮੇਹੁਲ ਨੂੰ ਇਹ ਡਰ ਵੀ ਸਤਾ ਰਿਹਾ ਹੈ ਕਿ ਉਸ ਦੇ ਕਰਮਚਾਰੀ ਜਾਨ ਵੀ ਦੇ ਸਕਦੇ ਹਨ। ਮੇਹੂਲ ਚੌਕਸੀ ਨੇ ਅੱਗੇ ਲਿਖਿਆ- ਮੈਂ ਚਾਹੁੰਦਾ ਹਾਂ ਕਿ ਸਾਰੇ ਆਪਣਾ ਕਰੀਅਰ ਲੱਭ ਲੈਣ।

ਚੌਕਸੀ ਹੁਣ ਵੀ ਇਲਜ਼ਾਮ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਆਪਣੀ ਜਿੱਤ ਦੀ ਗੱਲ ਕਹਿ ਰਿਹਾ ਹੈ। ਇਸ ਚਿੱਠੀ ਵਿੱਚ ਉਸ ਨੇ ਲਿਖਿਆ ਹੈ ਕਿ ਜਿਸ ਤਰਾਂ ਕਈ ਜਾਂਚ ਏਜੰਸੀਆਂ ਨੇ ਉਸ 'ਤੇ ਕਹਿਰ ਢਾਇਆ ਹੈ ਉਹ ਪ੍ਰੇਸ਼ਾਨ ਹੋ ਗਿਆ ਹੈ। ਉਸ ਦਾ ਕਹਿਣਾ ਹੈ ਕਿ ਇਹ ਏਜੰਸੀਆਂ ਉਸ ਦੇ ਕੰਮ ਨੂੰ ਠੱਪ ਕਰਨ 'ਤੇ ਲੱਗੀਆਂ ਹਨ। ਅਖੀਰ ਵਿੱਚ ਉਸ ਨੇ ਲਿਖਿਆ ਹੈ ਕਿ ਉਸ ਨੂੰ ਆਪਣੀ ਜਿੱਤ ਦਾ ਯਕੀਨ ਹੈ।