ਨਵੀਂ ਦਿੱਲੀ: ਅੱਜ ਅਚਾਨਕ ਮੌਸਮ ਵਿੱਚ ਤਬਦੀਲੀ ਆਈ ਹੈ। ਪੰਜਾਬ-ਹਰਿਆਣਾ ਸਣੇ ਦੇਸ਼ ਦੇ ਕਈ ਸੂਬਿਆਂ ਵਿੱਚ ਬਾਰਸ਼ ਹੋ ਰਹੀ ਹੈ। ਪਹਾੜੀ ਸੂਬਿਆਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਜੰਮੂ-ਕਸ਼ਮੀਰ ‘ਚ ਬੁੱਧਵਾਰ ਤਕ ਦੋ ਦਿਨਾਂ ਤਕ ਬਰਫਬਾਰੀ ਹੋ ਰਹੀ ਹੈ।
ਇੱਕ ਪ੍ਰਾਈਵੇਟ ਵੈੱਬਸਾਈਟ ਸਕਾਈਮੈੱਟ ਨੇ ਹਿਮਾਚਲ ਤੇ ਉੱਤਰਾਖੰਡ ‘ਚ ਬਦਦਲ ਫੱਟਣ ਦਾ ਖ਼ਤਰਾ ਦੱਸਿਆ ਹੈ। ਜੰਮੂ-ਕਸ਼ਮੀਰ ‘ਚ ਵੀਰਵਾਰ ਨੂੰ ਹੋਈ ਬਰਫਬਾਰੀ ਨਾਲ ਚੱਟਾਨਾਂ ਖਿਸਕਣ ਕਰਕੇ ਜੰਮੂ-ਕਸ਼ਮੀਰ ਹਾਈਵੇਅ ਦੂਜੇ ਦਿਨ ਵੀ ਬੰਦ ਹੈ। ਜਦਕਿ ਦੇਸ਼ ਦੇ ਬਾਕੀ ਖੇਤਰਾਂ ‘ਚ ਬਾਰਸ਼ ਤੇ ਗੜ੍ਹੇਮਾਰੀ ਹੋਈ ਹੈ।
ਪੰਜਾਬ, ਹਰਿਆਣਾ, ਛੱਤੀਸਗੜ੍ਹ ਤੇ ਉੱਤਰੀ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ‘ਚ 8 ਤੇ 9 ਫਰਵਰੀ ਨੂੰ ਸੀਤ ਲਹਿਰ ਚੱਲ ਸਕਦੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ‘ਚ ਇਨ੍ਹਾਂ ਸੂਬਿਆਂ ‘ਚ ਠੰਢ ਇੱਕ ਵਾਰ ਫੇਰ ਪਰਤ ਸਕਦੀ ਹੈ।
ਸਕਾਈਮੈੱਟ ਦਾ ਅੰਦਾਜ਼ਾ ਹੈ ਕਿ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ‘ਚ ਬੱਦਲ ਫੱਟਣ ਦੀ ਸਥਿਤੀ ਵੀ ਬਣ ਸਕਦੀ ਹੈ। ਅੱਜ ਤੇ ਕੱਲ੍ਹ ਮੈਦਾਨੀ ਖੇਤਰਾਂ ‘ਚ ਬਾਰਸ਼ ਹੁੰਦੀ ਰਹੇਗੀ।
ਉਧਰ, ਬਰਫਬਾਰੀ ਕਰਕੇ ਸ਼੍ਰੀਨਗਰ ਏਅਰਪੋਰਟ ਤੋਂ ਵੀਰਵਾਰ ਨੂੰ ਕਈ ਉਡਾਣਾਂ ਰੱਦ ਕੀਤੀਆਂ ਗਈਆਂ। ਜੰਮੂ-ਕਸ਼ਮੀਰ ਹਾਈਵੇਅ ਬੰਦ ਹੋਣ ਕਾਰਨ ਖਾਣ-ਪੀਣ ਦੀ ਚੀਜ਼ਾਂ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਹਨ।