ਜੈਪੁਰ: ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਮਿੱਗ-21 ਹਾਦਸਾਗ੍ਰਸਤ ਹੋ ਗਿਆ। ਪਾਇਲਟ ਸਮਾਂ ਰਹਿੰਦੇ ਜਹਾਜ਼ ਵਿੱਚੋਂ ਬਾਹਰ ਆ ਗਿਆ। ਇਸ ਤੋਂ ਪਹਿਲਾਂ ਪਾਕਿਸਤਾਨੀ ਜਹਾਜ਼ਾਂ ਨਾਲ ਲੋਹਾ ਲੈਂਦਿਆਂ ਵਿੰਗ ਕਮਾਂਡਰ ਅਭਿਨੰਦਨ ਦਾ ਮਿਗ-21 ਵੀ ਕਰੈਸ਼ ਹੋ ਕੇ ਪਾਕਿਸਤਾਨ ਵੱਲ ਡਿੱਗ ਗਿਆ ਸੀ।


ਫ਼ੌਜ ਦੇ ਬੁਲਾਰੇ ਸੋਂਬਿਤ ਘੋਸ਼ ਨੇ ਦੱਸਿਆ ਕਿ ਬੀਕਾਨੇਰ ਜ਼ਿਲ੍ਹੇ ਦੇ ਨਾਲ ਵਿੱਚ ਸਥਿਤ ਫ਼ੌਜੀ ਹਵਾਈ ਅੱਡੇ ਤੋਂ ਮਿਗ-21 ਨੇ ਆਮ ਵਾਂਗ ਉਡਾਣ ਭਰੀ ਪਰ ਕੁਝ ਸਮੇਂ ਬਾਅਦ ਇਹ ਹਾਦਸਾਗ੍ਰਸਤ ਹੋ ਗਿਆ। ਇਸ ਦੇ ਪਾਇਲਟ ਨੇ ਪੈਰਾਸ਼ੂਟ ਦੀ ਸਹਾਇਤਾ ਨਾਲ ਸੁਰੱਖਿਅਤ ਛਾਲ ਮਾਰ ਦਿੱਤੀ। ਘੋਸ਼ ਨੇ ਦੱਸਿਆ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਬੀਕਾਨੇਰ ਦੇ ਪੁਲਿਸ ਮੁਖੀ ਪ੍ਰਦੀਪ ਮੋਹਨ ਸ਼ਰਮਾ ਨੇ ਦੱਸਿਆ ਕਿ ਹਵਾਈ ਫ਼ੌਜ ਦਾ ਮਿਗ-21 ਬੀਕਾਨੇਰ ਤੋਂ 12 ਕਿਲੋਮੀਟਰ ਦੂਰ ਸ਼ੋਭਾਸਰ ਦੀ ਢਾਣੀ ਨੇੜੇ ਡਿੱਗ ਗਿਆ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਤੋਂ ਉਨ੍ਹਾਂ ਵੀ ਇਨਕਾਰ ਕਰ ਦਿੱਤਾ।