ਨਵੀਂ ਦਿੱਲੀ: ਕਿਸ਼ਨਗੰਜ ਦੇ ਐਸਐਚਓ ਅਸ਼ਵਨੀ ਕੁਮਾਰ ਦੀ ਭੀੜ ਨੇ ਬੰਗਾਲ-ਬਿਹਾਰ ਬਾਰਡਰ ਤੇ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ। ਇਹ ਖ਼ਬਰ ਸੁਣਨ ਤੋਂ ਬਾਅਦ ਥਾਣੇਦਾਰ ਦੀ ਮਾਂ ਨੂੰ ਵੀ ਗੰਭੀਰ ਸਦਮਾ ਲੱਗਾ। ਐਤਵਾਰ ਨੂੰ 70 ਸਾਲਾ ਉਰਮਿਲਾ ਦੇਵੀ ਦੀ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਵਿੱਚ ਸਦਮੇ ਨਾਲ ਮੌਤ ਹੋ ਗਈ।

ਕਿਸ਼ਨਗੰਜ ਟਾਊਨ ਥਾਣੇ ਦੇ ਐਸਐਚਓ ਅਸ਼ਵਨੀ ਕੁਮਾਰ ਨੂੰ ਅਪਰਾਧੀਆਂ ਦੀ ਭੀੜ ਨੇ ਕੁੱਟ-ਕੁੱਟ ਮਾਰ ਦਿੱਤਾ ਸੀ। ਇਹ ਘਟਨਾ ਬਿਹਾਰ-ਬੰਗਾਲ ਸਰਹੱਦ ਨੇੜੇ ਛਾਪਾ ਮਾਰਨ ਗਏ ਪੁਲਿਸ ਮੁਲਾਜ਼ਮ ਨਾਲ ਹੋਈ।

ਮੋਟਰਸਾਈਕਲ ਚੋਰੀ ਵਿੱਚ ਸ਼ਾਮਲ ਅਪਰਾਧੀਆਂ 'ਤੇ ਛਾਪੇਮਾਰੀ ਕਰਨ ਲਈ ਪੁਲਿਸ ਉੱਤਰੀ ਦਿਨਾਜਪੁਰ ਦੀ ਪਨਾਟਪ੍ਰੀ ਵਿਖੇ ਮੌਕੇ' ਤੇ ਪਹੁੰਚੀ ਸੀ। ਇਸ ਛਾਪੇਮਾਰੀ ਦੌਰਾਨ, ਅਪਰਾਧੀਆਂ ਨਾਲ ਝੜਪ ਹੋ ਗਈ ਤੇ ਭੀੜ ਨੇ ਐਸਐਚਓ ਅਸ਼ਵਨੀ ਕੁਮਾਰ 'ਤੇ ਹਮਲਾ ਕਰ ਦਿੱਤਾ।

ਉਸ ਦੀ ਕੁੱਟਮਾਰ ਕੀਤੀ ਗਈ ਤੇ ਰਿਪੋਰਟਾਂ ਇਹ ਵੀ ਦੱਸ ਦੀਆਂ ਨੇ ਕਿ ਉਸ ਦਾ ਗਲਾ ਘੁੱਟਿਆ ਗਿਆ ਸੀ। ਖ਼ਬਰ ਸੁਣਨ ਤੋਂ ਤੁਰੰਤ ਬਾਅਦ, ਉਰਮੀਲਾ ਦੇਵੀ, ਜੋ ਦਿਲ ਦੀ ਮਰੀਜ਼ ਸੀ, ਬੇਹੋਸ਼ ਹੋ ਗਈ ਤੇ ਸਦਮੇ ਦੀ ਡੂੰਘੀ ਅਵਸਥਾ ਵਿੱਚ ਚਲੀ ਗਈ, ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ।

ਐਸਐਚਓ ਤੇ ਉਸ ਦੀ ਮਾਂ ਦੋਵਾਂ ਦਾ ਅੰਤਮ ਸੰਸਕਾਰ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਵਿਖੇ ਕੀਤੇ ਗਿਆ। ਕਿਸ਼ਨਗੰਜ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਨੇ ਕਿਹਾ, ”ਅਸ਼ਵਨੀ ਕੁਮਾਰ ਨੇ ਛਾਪੇ ਤੋਂ ਪਹਿਲਾਂ ਆਪਣੇ ਬੰਗਾਲ ਦੇ ਹਮਰੁਤਬਾ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।

ਸੂਤਰਾਂ ਨੇ ਦੱਸਿਆ ਕਿ ਸੱਤ ਹੋਰ ਪੁਲਿਸ ਮੁਲਾਜ਼ਮ ਜੋ ਅਸ਼ਵਨੀ ਦੇ ਨਾਲ ਛਾਪੇਮਾਰੀ ਲਈ ਆਏ ਸਨ, ਹਮਲੇ ਤੋਂ ਬਾਅਦ ਮੌਕੇ ਤੋਂ ਭੱਜ ਗਏ। ਇਸ ਦੌਰਾਨ, ਮ੍ਰਿਤਕ ਪੁਲਿਸ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਪਿੱਛੇ ਕਥਿਤ ਸਾਜਿਸ਼ ਦੱਸੀ ਹੈ। ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਕਿਸ਼ਨਗੰਜ ਦੇ ਐਸਪੀ ਕੁਮਾਰ ਆਸ਼ੀਸ਼ ਨੇ ਸਰਕਲ ਇੰਸਪੈਕਟਰ ਮਨੀਸ਼ ਕੁਮਾਰ ਸਣੇ ਸਾਰੇ ਸੱਤ ਪੁਲਿਸ ਮੁਲਾਜ਼ਮਾਂ ਨੂੰ ਮੌਕੇ ਤੋਂ ਭੱਜਣ ਲਈ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ਵਿਚ ਫਿਰੋਜ਼ ਆਲਮ ਨਾਮ ਦੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।