ਨਵੀਂ ਦਿੱਲੀ: ਸਰਹੱਦ ਉੱਤੇ ਤਣਾਅ ਦੌਰਾਨ ਰੱਖਿਆ ਮੰਤਰਾਲੇ ਨੇ 82 ਹਜ਼ਾਰ ਕਰੋੜ ਦੇ ਸੈਨਿਕ ਸਾਜੋ-ਸਾਮਾਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਸੈਨਾ ਦੇ 464 ਟੈਂਕ ਤੇ ਏਅਰ ਫੋਰਸ ਦੇ 83 ਤੇਜਸ ਲੜਾਕੂ ਜਹਾਜ਼ ਸ਼ਾਮਲ ਹਨ। ਇਸ ਬਾਰੇ ਅੱਜ ਦਿੱਲੀ ਵਿੱਚ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ ਵਿੱਚ ਰੱਖਿਆ ਮੰਤਰੀ ਮਨੋਹਰ ਪਰੀਕਰ ਤੇ ਤਿੰਨੇ ਸੈਨਾਵਾਂ ਦੇ ਮੁਖੀ ਮੌਜੂਦ ਸਨ।

ਰੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ ਸੈਨਿਕ ਸਾਮਾਨ ਵਿੱਚ ਥਲ ਸੈਨਾ ਲਈ 464 ਟੀ-90 ਟੈਂਕ ਖ਼ਰੀਦੇ ਜਾਣਗੇ। ਇਹ ਟੈਂਕ ਆਰਡੀਨੈਂਸ ਫ਼ੈਕਟਰੀ ਬੋਰਡ (ਓ.ਐਫ.ਬੀ.) ਤੋਂ 13,448 ਕਰੋੜ ਰੁਪਏ ਵਿੱਚ ਖ਼ਰੀਦੇ ਜਾਣਗੇ। ਇਸ ਤੋਂ ਇਲਾਵਾ ਥਲ ਸੈਨਾ ਲਈ 1100 ਕਰੋੜ ਰੁਪਏ ਦੇ 598 ਯੂ.ਏ. ਵੀ ਖ਼ਰੀਦਣ ਲਈ ਹਰੀ ਝੰਡੀ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਥਲ ਸੈਨਾ ਲਈ 14,633 ਕਰੋੜ ਰੁਪਏ ਦੇ 6 ਵਾਧੂ ਪਿਨਾਕਾ ਮਿਜ਼ਾਈਲਾਂ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖ਼ਰੀਦ ਪ੍ਰੀਸ਼ਦ ਨੇ 83 ਤੇਜਸ ਲੜਾਕੂ ਜਹਾਜ਼ਾਂ ਨੂੰ ਖ਼ਰੀਦਣ ਲਈ ਏਅਰ ਫੋਰਸ ਨੂੰ ਆਖ ਦਿੱਤਾ ਹੈ। ਐਚ.ਐਲ.ਐਲ. ਤੋਂ ਇਹ ਜਹਾਜ਼ ਆਈ.ਡੀ.ਡੀ.ਐਮ. ਤੋਂ 50 ਹਜ਼ਾਰ ਕਰੋੜ ਰੁਪਏ ਵਿੱਚ ਖ਼ਰੀਦੇ ਜਾਣਗੇ।

ਇਸ ਤੋਂ ਇਲਾਵਾ ਏਅਰ ਫੋਰਸ ਲਈ 10 ਲਾਈਟ ਹੈਲੀਕਾਪਟਰ ਤੇ ਥਲ ਸੈਨਾ ਲਈ 5 ਹੈਲੀਕਾਪਟਰ ਖ਼ਰੀਦਣ ਲਈ ਵੀ ਮਨਜ਼ੂਰੀ ਦਿੱਤੀ ਗਈ ਹੈ। ਭਾਰਤ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਲਗਾਤਾਰ ਭਾਰਤ ਉੱਤੇ ਫਾਇਰਿੰਗ ਕਰ ਰਿਹਾ ਹੈ।

ਇਸ ਦੇ ਨਾਲ ਹੀ ਰੱਖਿਆ ਮੰਤਰਾਲੇ ਨੇ ਅੱਜ ਹਥਿਆਰ ਕੰਪਨੀਆਂ ਦੀ ਬਲੈਕ ਲਿਸਟ ਨੀਤੀ ਵੀ ਜਾਰੀ ਕਰ ਦਿੱਤੀ। ਇਸ ਵਿੱਚ ਰੱਖਿਆ ਸੌਦੇ ਨਾਲ ਗੜਬੜੀ ਤੇ ਰਿਸ਼ਵਤ ਦੇ ਸੌਦਾ ਕਰਨ ਵਾਲੀਆਂ ਕੰਪਨੀਆਂ ਨਾਲ ਕਰਾਰ ਖ਼ਤਮ ਤੇ ਪੈਨਲਟੀ ਲਾਉਣ ਵਰਗੀ ਵਿਵਸਥਾ ਹੈ। ਸੂਤਰਾਂ ਅਨੁਸਾਰ ਰੱਖਿਆ ਮੰਤਰਾਲੇ ਦੀਆਂ ਇਹ ਸ਼ਰਤਾਂ ਛੇਤੀ ਹੀ ਸਰਕਾਰੀ ਵੈੱਬਸਾਈਟ ਉੱਤੇ ਅਪਲੋਡ ਕਰ ਦਿੱਤੀਆਂ ਜਾਣਗੀਆਂ।