ਨਵੀਂ ਦਿੱਲੀ: ਰੋਜ਼ਗਾਰ ਦੇ ਮੁੱਦੇ 'ਤੇ ਲਗਾਤਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਰਹਿਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ 'ਤੇ ਪਲਟਵਾਰ ਕਰਦਿਆਂ ਦਾਅਵਾ ਕੀਤਾ ਕਿ ਪਿਛਲੇ ਸਾਲ ਸਰਕਾਰ ਨੇ 70 ਲੱਖ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਮੋਦੀ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਨੌਕਰੀਆਂ ਦੀ ਕਮੀ ਨਾਲੋਂ ਵੱਡਾ ਮੁੱਦਾ ਨੌਕਰੀਆਂ ਦੇ ਡੇਟਾ ਦੀ ਕਮੀ ਦਾ ਹੋਣਾ ਹੈ। ਮੋਦੀ ਸਰਕਾਰ ਨੇ ਸਵਰਾਜ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਨੌਕਰੀਆਂ ਦੇ ਮੁੱਦੇ 'ਤੇ ਵਿਰੋਧੀ ਧਿਰ ਵੱਲੋਂ ਦਿੱਤੇ ਦੋਸ਼ ਲਈ ਮੈਂ ਇਹ ਕਹਿਣਾ ਚਾਹੁੰਗਾ ਕਿ ਉਨ੍ਹਾਂ ਕੋਲ ਨੌਕਰੀਆਂ ਲਈ ਸਟੀਕ ਡਾਟਾ ਨਹੀਂ ਹੈ।


ਪੀਐਮ ਮੋਦੀ ਨੇ ਕਿਹਾ ਕਿ ਜੇਕਰ ਅਸੀਂ ਰੋਜ਼ਗਾਰਾਂ ਦੀ ਗਿਣਤੀ ਦੇਖੀਏ ਤਾਂ ਈਪੀਐਫਓ ਪੈਰੋਲ ਡਾਟਾ ਦੇ ਆਧਾਰ 'ਤੇ ਸਤੰਬਰ 2017 ਤੋਂ ਅਪ੍ਰੈਲ 2018 ਤੱਕ 41 ਲੱਖ ਤੋਂ ਵਧੇਰੇ ਨੌਕਰੀਆਂ ਪੈਦਾ ਕੀਤੀਆਂ ਗਈਆਂ ਸਨ। ਇਕ ਅਧਿਐਨ ਦੇ ਮੁਤਾਬਕ ਈਪੀਏਐਫਓ ਦੇ ਅੰਕੜਿਆਂ ਦੇ ਆਧਾਰ 'ਤੇ ਪਿਛਲੇ ਸਾਲ ਫਾਰਮਲ ਸੈਕਟਰ 'ਚ 70 ਲੱਖ ਤੋਂ ਜ਼ਿਆਦਾ ਨੌਕਰੀਆਂ ਪੈਦਾ ਹੋਈਆਂ ਸਨ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਸਾਲ 'ਚ ਇਕ ਕਰੋੜ ਤੋਂ ਵੱਧ ਘਰਾਂ ਦਾ ਨਿਰਮਾਣ ਕੀਤਾ ਗਿਆ ਜਿਸ ਤੋਂ ਜ਼ਾਹਿਰ ਹੈ ਕਿ ਕਈ ਰੁਜ਼ਗਾਰ ਪੈਦਾ ਹੋਏ। ਉਨ੍ਹਾਂ ਕਿਹਾ ਕਿ ਜਦੋਂ ਸੜਕ ਨਿਰਮਾਣ 'ਚ ਪ੍ਰਤੀ ਮਹੀਨਾ ਦੁੱਗਣੀ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ, ਰੇਲਵੇ, ਰਾਜਮਾਰਗ, ਏਅਰਲਾਈਨਜ਼ ਆਦਿ 'ਚ ਜ਼ਬਰਦਸਤ ਵਾਧਾ ਹੋਇਆ ਹੈ ਤਾਂ ਇਹ ਇਸ ਗੱਲ ਵੱਲ ਇਸ਼ਾਰਾ ਹੈ ਕਿ ਇਸ ਰੇਸ਼ੋ 'ਚ ਰੋਜ਼ਗਾਰ ਹਿੱਸਾ ਵੀ ਬਰਾਬਰ ਹੈ।