ਵੱਡਾ ਖੁਲਾਸਾ! ਮੋਦੀ ਸਰਕਾਰ ਨੂੰ ਨਵੰਬਰ ’ਚ ਹੀ ਕਰ ਦਿੱਤਾ ਸੀ ਆਕਸੀਜਨ ਤੇ ਬੈੱਡਾਂ ਬਾਰੇ ਅਲਰਟ, ਫਿਰ ਵੀ ਨਹੀਂ ਹੋਏ ਪ੍ਰਬੰਧ
ਸਿਹਤ ਸਬੰਧੀ ਸਥਾਈ ਕਮੇਟੀ ਨੇ ਪਿਛਲੇ ਵਰ੍ਹੇ ਨਵੰਬਰ ’ਚ ਆਪਣੀ ਰਿਪੋਰਟ ਵਿੱਚ ਇਹ ਪੈਰਵਾਈ ਵੀ ਕੀਤੀ ਸੀ ਕਿ ‘ਰਾਸ਼ਟਰੀ ਦਵਾ ਕੀਮਤ ਅਥਾਰਟੀ’ ਨੂੰ ਆਕਸੀਜਨ ਸਿਲੰਡਰ ਦੀ ਕੀਮਤ ਤੈਅ ਕਰਨੀ ਚਾਹੀਦੀ ਹੈ, ਤਾਂ ਜੋ ਇਸ ਦੀ ਕਫ਼ਾਇਤੀ ਦਰ ਉੱਤੇ ਉਪਲਬਧਤਾ ਯਕੀਨੀ ਹੋ ਸਕੇ।
ਨਵੀਂ ਦਿੱਲੀ: ਦੇਸ਼ ’ਚ ਕੋਵਿਡ-19 ਮਹਾਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਉੱਧਰ ਆਕਸੀਜਨ ਦੀ ਘਾਟ ਕਾਰਨ ਕਈ ਕੋਰੋਨਾ ਮਰੀਜ਼ ਦਮ ਤੋੜ ਰਹੇ ਹਨ। ਇਸ ਦੌਰਾਨ ਅਜਿਹੀ ਖ਼ਬਰ ਆਈ ਹੈ ਕਿ ਕੇਂਦਰ ਸਰਕਾਰ ਨੂੰ ਇਸ ਕਿੱਲਤ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਸੀ। ਦਰਅਸਲ, ਸੰਸਦ ਦੀ ਸਥਾਈ ਕਮੇਟੀ ਨੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਉਣ ਤੋਂ ਕੁਝ ਮਹੀਨੇ ਪਹਿਲਾਂ ਹੀ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਹਸਪਤਾਲਾਂ ’ਚ ਬਿਸਤਰਿਆਂ ਦੀ ਗਿਣਤੀ ਤੇ ਆਕਸੀਜਨ ਦਾ ਉਤਪਾਦਨ ਵਧਾਇਆ ਜਾਵੇ।
ਸਿਹਤ ਸਬੰਧੀ ਸਥਾਈ ਕਮੇਟੀ ਨੇ ਪਿਛਲੇ ਵਰ੍ਹੇ ਨਵੰਬਰ ’ਚ ਆਪਣੀ ਰਿਪੋਰਟ ਵਿੱਚ ਇਹ ਪੈਰਵਾਈ ਵੀ ਕੀਤੀ ਸੀ ਕਿ ‘ਰਾਸ਼ਟਰੀ ਦਵਾ ਕੀਮਤ ਅਥਾਰਟੀ’ ਨੂੰ ਆਕਸੀਜਨ ਸਿਲੰਡਰ ਦੀ ਕੀਮਤ ਤੈਅ ਕਰਨੀ ਚਾਹੀਦੀ ਹੈ, ਤਾਂ ਜੋ ਇਸ ਦੀ ਕਫ਼ਾਇਤੀ ਦਰ ਉੱਤੇ ਉਪਲਬਧਤਾ ਯਕੀਨੀ ਹੋ ਸਕੇ। ਇਸ ਕਮੇਟੀ ਦੇ ਪ੍ਰਧਾਨ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਰਾਮਗੋਪਾਲ ਯਾਦਵ ਹਨ ਤੇ ਇਸ ਵਿੱਚ ਭਾਜਪਾ ਦੇ 16 ਮੈਂਬਰ ਸ਼ਾਮਲ ਹਨ।
ਕਮੇਟੀ ਨੇ ਆਖਿਆ ਸੀ, ਇਹ ਕਮੇਟੀ ਸਰਕਾਰ ਨੂੰ ਇਹ ਸਿਫ਼ਾਰਸ਼ ਕਰਦੀ ਹੈ ਕਿ ਆਕਸੀਜਨ ਦੇ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾਵੇ, ਤਾਂ ਜੋ ਹਸਪਤਾਲਾਂ ਵਿੱਚ ਇਸ ਦੀ ਸਪਲਾਈ ਯਕੀਨੀ ਬਣ ਸਕੇ। ਕਮੇਟੀ ਨੇ ਇਹ ਵੀ ਕਿਹਾ ਕਿ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਨੂੰ ਵੇਖਦਿਆਂ ਦੇਸ਼ ਦੇ ਸਰਕਾਰੀ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਗਿਣਤੀ ਵਾਜਬ ਨਹੀਂ ਹੈ ਤੇ ਹਸਪਤਾਲਾਂ ਵਿੱਚ ਬਿਤਸਰਿਆਂ ਤੇ ਵੈਂਟੀਲੇਟਰਜ਼ ਦੀ ਘਾਟ ਕਾਰਨ ਇਸ ਮਹਾਮਾਰੀ ਉੱਤੇ ਲਗਾਮ ਕੱਸਣ ਦੀਆਂ ਕੋਸ਼ਿਸ਼ਾਂ ਉੱਤੇ ਅਸਰ ਪੈ ਰਿਹਾ ਹੈ।
ਉੱਧਰ ਕਾਂਗਰਸੀ ਆਗੂ ਅਜੇ ਮਾਕਨ ਨੇ ਵੀ ਕੇਂਦਰ ਸਰਕਾਰ ਨੇ ਇਸ ਮੁੱਦੇ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਸੰਸਦੀ ਕਮੇਟੀ ਦੀ ਰਿਪੋਰਟ ’ਚ ਦਿੱਤੀਆਂ ਉਨ੍ਹਾਂ ਸਿਫ਼ਾਰਸ਼ਾਂ ਵੱਲ ਉੱਕਾ ਧਿਆਨ ਨਹੀਂ ਦਿੱਤਾ, ਜਿਨ੍ਹਾਂ ’ਚ ਆਕਸੀਜਨ ਦੀ ਸੰਭਾਵੀ ਕਮੀ ਵੱਲ ਧਿਆਨ ਦਿਵਾਇਆ ਗਿਆ ਸੀ ਤੇ ਸਰਕਾਰ ਨੂੰ ਤਿਆਰੀ ਕਰਨ ਲਈ ਕਿਹਾ ਗਿਆ ਸੀ।