ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨੇੜਲੀਆਂ ਸਰਾਵਾਂ ’ਤੇ 12 ਫ਼ੀਸਦ ਜੀਐਸਟੀ ਲਗਾਉਣ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕੇਂਦਰ ਵੱਲੋਂ ਸਰਾਵਾਂ ’ਤੇ ਲਾਏ ਜੀਐਸਟੀ ’ਤੇ ਵਿਅੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੁਣ ਕੇਵਲ ਸ਼ਾਹ ਲੈਣ ’ਤੇ ਜੀਐਸਟੀ ਲਾਉਣਾ ਬਾਕੀ ਰਹਿ ਗਿਆ ਹੈ। 


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੇ ਆਟੇ, ਦਹੀਂ ਤੇ ਲੱਸੀ ’ਤੇ ਵੀ ਜੀਐਸਟੀ ਲਾ ਦਿੱਤਾ ਹੈ। ਹੁਣ ਸ਼ਰਧਾ ’ਤੇ ਵੀ ਜੀਐਸਟੀ ਲਾ ਦਿੱਤਾ ਗਿਆ ਹੈ। ਉਨ੍ਹਾਂ ਕੇਂਦਰ ਤੋਂ ਤਾਜ਼ਾ ਲਗਾਏ ਜੀਐਸਟੀ ਦੀ ਵਾਪਸੀ ਦੀ ਮੰਗ ਕੀਤੀ।


ਸੀਐਮ ਮਾਨ ਨੇ ਕਿਹਾ ਕਿ ਕੇਂਦਰ ਦੇ ਫ਼ੈਸਲੇ ਨਾਲ ਦਰਬਾਰ ਸਾਹਿਬ ਨਤਮਸਤਕ ਹੋਣ ਵਾਲੀ ਸਮੂਹ ਸੰਗਤ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਐਨਆਰਆਈ ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਅਤੇ ਮਾਤਾ ਭਾਗ ਕੌਰ ਨਿਵਾਸ ਦਰਬਾਰ ਸਾਹਿਬ ਨਾਲ ਸਬੰਧਤ ਹਨ। 


ਉਨ੍ਹਾਂ ਕਿਹਾ ਕਿ ਇਨ੍ਹਾਂ ਸਰਾਵਾਂ ਦਾ ਮੁੱਖ ਮਨੋਰਥ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਆਉਂਦੀ ਸੰਗਤ ਦੇ ਰਹਿਣ ਦੀ ਵਿਵਸਥਾ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਰਾਵਾਂ ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਲਈ ਬਿਨਾਂ ਮੁਨਾਫੇ ਦੇ ਅਰਾਮਦਾਇਕ ਠਹਿਰ ਮੁਹੱਈਆ ਕਰਵਾਉਂਦੀਆਂ ਹਨ। ਇਨ੍ਹਾਂ ਤਿੰਨ ਸਰਾਵਾਂ ਦੇ ਕਮਰਿਆਂ ਨੂੰ ਜੀਐਸਟੀ ਦੇ ਘੇਰੇ ’ਚ ਲਿਆਉਣ ਨਾਲ ਸੰਗਤ ਨੂੰ ਹੁਣ ਮਹਿੰਗੇ ਭਾਅ ’ਤੇ ਕਮਰੇ ਲੈਣੇ ਪੈਣਗੇ।


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ