ਨਵੀਂ ਦਿੱਲੀ: 'ਫੇਕ ਨਿਊਜ਼' ਦੇਣ 'ਤੇ ਪੱਤਰਕਾਰਾਂ ਦੀ ਮਾਨਤਾ ਰੱਦ ਕਰਨ ਦੇ ਨਿਯਮ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਾਪਸ ਲੈਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਪ੍ਰੈੱਸ ਕਾਨਫ਼ਰੰਸ ਆਫ਼ ਇੰਡੀਆ (ਪੀਸੀਆਈ) ਉੱਪਰ ਛੱਡ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਮ੍ਰਿਤੀ ਇਰਾਨੀ ਦੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਾਰਲਾ ਨੇ ਫੇਕ ਨਿਊਜ਼ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ।
ਇਸ ਮੁਤਾਬਕ ਜੇਕਰ ਕੋਈ ਪੱਤਰਕਾਰ ਪਹਿਲੀ ਵਾਰ ਫੇਕ ਨਿਊਜ਼ ਦੇਣ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਦੀ ਮਾਨਤਾ ਛੇ ਮਹੀਨੇ ਲਈ ਮੁਅੱਤਲ ਕਰ ਦਿੱਤੀ ਜਾਵੇਗੀ ਤੇ ਜੇਕਰ ਉਹ ਦੂਜੀ ਵਾਰ ਅਜਿਹਾ ਕਰਦਾ ਹੈ ਤਾਂ ਉਸ ਦੀ ਮਾਨਤਾ ਇੱਕ ਸਾਲ ਲਈ ਮੁਅੱਤਲ ਕਰ ਦਿੱਤੀ ਜਾਵੇਗੀ। ਜੇਕਰ ਤੀਜੀ ਵਾਰ ਇੱਕ ਪੱਤਰਕਾਰ ਗ਼ਲਤ ਖ਼ਬਰ ਛਾਪਦਾ ਹੈ ਤਾਂ ਉਸ ਦੀ ਮਾਨਤਾ ਸਥਾਈ ਰੂਪ ਵਿੱਚ ਰੱਦ ਕਰ ਦਿੱਤੀ ਜਾਵੇਗੀ।
ਇਸ ਫ਼ੈਸਲੇ ਤੋਂ ਬਾਅਦ ਪੱਤਰਕਾਰਾਂ ਵਿੱਚ ਕਾਫੀ ਨਾਰਾਜ਼ਗੀ ਸੀ। ਪੱਤਰਕਾਰਾਂ ਨੇ ਅੱਜ ਹੰਗਾਮੀ ਬੈਠਕ ਵੀ ਸੱਦੀ ਸੀ ਤੇ ਫਿਰ ਟਵੀਟ ਕਰ ਕੇ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਵਿਰੋਧ ਜਤਾਇਆ ਸੀ। ਸੀਨੀਅਰ ਪੱਤਰਕਾਰਾਂ ਨੇ ਖ਼ਦਸ਼ਾ ਜਤਾਇਆ ਸੀ ਕਿ ਨਵੇਂ ਨਿਯਮਾਂ ਦੇ ਓਹਲੇ ਵਿੱਚ ਸਰਕਾਰ ਦਾ ਇਹ ਕਦਮ ਮੀਡੀਆ ਦੀ ਆਜ਼ਾਦੀ 'ਤੇ ਹਮਲਾ ਹੈ। ਹੁਣ ਪ੍ਰਧਾਨ ਮੰਤਰੀ ਨੇ ਸਿਮ੍ਰਤੀ ਇਰਾਨੀ ਦੇ ਫੈਸਲੇ ਨੂੰ ਪਲਟ ਦਿੱਤਾ ਹੈ।