ਖੇੜਾ/ਨਵੀਂ ਦਿੱਲੀ: ਗੁਜਰਾਤ ਦੇ ਖੇੜਾ ਵਿੱਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਵਿਕਾਸ ਪਾਗਲ ਹੋ ਗਿਆ ਹੈ। ਰਾਹੁਲ ਨੇ ਰੈਲੀ ਵਿੱਚ ਆਏ ਲੋਕਾਂ ਤੋਂ ਪੁੱਛਿਆ ਵਿਕਾਸ ਕਿੱਦਾਂ ਪਾਗਲ ਹੋਇਆ? ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਕਾਸ ਝੂਠ ਸੁਣ-ਸੁਣ ਕੇ ਪਾਗਲ ਹੋ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਵਿਕਾਸ ਦਾ ਕੋਈ ਵੀ ਕੰਮ ਕਰਨਾ ਹੋਵੇ ਤਾਂ ਉਹ ਬਿਨਾ ਸੁਣੇ ਨਹੀਂ ਕੀਤਾ ਜਾ ਸਕਦਾ। ਕਾਂਗਰਸ ਪਾਰਟੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਲੋਕਾਂ ਦੀ ਗੱਲ ਸੁਣਦੀ ਹੈ ਪਰ ਪਿਛਲੇ 22 ਸਾਲਾਂ ਤੋਂ ਗੁਜਰਾਤ ਵਿੱਚ ਮਜ਼ਦੂਰ, ਮਹਿਲਾਵਾਂ ਤੇ ਛੋਟੇ ਦੁਕਾਨਦਾਰ ਜੋ ਕਹਿਣਾ ਚਾਹੁੰਦੇ ਹਨ, ਉਹ ਕੋਈ ਵੀ ਨਹੀਂ ਸੁਣ ਰਿਹਾ।


ਜੀ.ਐਸ.ਟੀ. ਤੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ, "ਜੀਐਸਟੀ ਦੀ ਸੋਚ ਕਾਂਗਰਸ ਪਾਰਟੀ ਦੀ ਹੀ ਸੋਚ ਸੀ। ਸਾਨੂੰ ਲੱਗਿਆ ਸੀ ਕਿ ਪੂਰੇ ਦੇਸ਼ ਵਿੱਚ ਸਿਰਫ ਇੱਕ ਟੈਕਸ ਹੋਣਾ ਚਾਹੀਦਾ ਹੈ। ਅਸੀਂ ਤੁਹਾਡੇ ਕੋਲ ਆਏ ਤੇ ਪੁੱਛਿਆ ਕਿ ਹੋਣਾ ਚਾਹੀਦਾ ਹੈ। ਤੁਸੀਂ ਸਾਨੂੰ ਕਿਹਾ ਕਿ ਪੂਰੇ ਦੇਸ਼ ਵਿੱਚ ਇੱਕ ਟੈਕਸ ਹੋਣਾ ਚਾਹੀਦਾ ਹੈ। ਤੁਸੀਂ ਕਿਹਾ ਕਿ 18% ਤੋਂ ਵੱਧ ਨਾ ਲਾਓ, ਸਾਡੇ ਜੀਐਸਟੀ ਵਿੱਚ ਦੋਵੇਂ ਚੀਜ਼ਾਂ ਸਨ। ਤੁਸੀਂ ਇਹ ਵੀ ਕਿਹਾ ਸੀ ਕਿ ਜੀਐਸਟੀ ਭਰਨ ਲਈ ਸਿਰਫ ਇੱਕ ਫਾਰਮ ਭਰਵਾਓ। ਇਹ ਸਾਡੀ ਜੀਐਸਟੀ ਸੀ।"

ਰਾਹੁਲ ਗਾਂਧੀ ਨੇ ਕਿਹਾ, "ਨਰਿੰਦਰ ਮੋਦੀ ਜੀ ਨੇ ਬਿਨਾ ਕਿਸੇ ਦੀ ਗੱਲ ਸੁਣਿਆਂ ਰਾਤ ਨੂੰ 12 ਵਜੇ ਜੀਐਸਟੀ ਨੂੰ ਲਾਗੂ ਕਰ ਦਿੱਤਾ। ਅਸੀਂ ਕਿਹਾ ਕਿ ਚਾਰ-ਪੰਜ ਟੈਕਸ ਦੀ ਦਰ ਨਾ ਲਾਓ। 18% ਤੋਂ ਵੱਧ ਜੀਐਸਟੀ ਨਾ ਲਾਓ ਇਸ ਨਾਲ ਛੋਟੇ ਵਪਾਰੀ ਬਰਬਾਦ ਹੋ ਜਾਣਗੇ। ਭਾਜਪਾ ਨੇ ਨਾ ਤੁਹਾਡੀ ਸੁਣੀ ਤੇ ਨਾ ਸਾਡੀ ਸੁਣੀ, ਇੱਕਦਮ ਜੀਐਸਟੀ ਲਾਗੂ ਕਰ ਦਿੱਤਾ, ਜਿਸ ਨਾਲ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ।" ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਨੇ ਨੋਟਬੰਦੀ ਲਾਗੂ ਕਰ ਦਿੱਤੀ, ਕਿਸੇ ਨੇ ਨਹੀਂ ਪੁੱਛਿਆ। ਜੇਕਰ ਕਿਸੇ ਛੋਟੇ ਜਿਹੇ ਕਿਸਾਨ ਕੋਲ ਵੀ ਜਾਂਦੇ ਤੇ ਪੁੱਛਦੇ ਕਿ 500 ਤੇ 1000 ਦਾ ਨੋਟ ਅਸੀਂ ਬੰਦ ਕਰ ਦਿੱਤਾ ਤਾਂ ਕੀ ਹੋਵੇਗਾ। ਕਿਸਾਨ ਦੱਸ ਦਿੰਦਾ ਕਿ ਗ਼ਲਤੀ ਨਾਲ ਵੀ ਅਹਿਜਾ ਨਾ ਕਰਿਓ। ਨੋਟਬੰਦੀ ਨਾਲ ਲੱਖਾਂ ਲੋਕਾਂ ਦਾ ਨੁਕਸਾਨ ਹੋਇਆ।

ਰਾਹੁਲ ਗਾਂਧੀ ਨੇ ਕਿਹਾ, "ਦੇਸ਼ ਵਿੱਚ ਬੇਰੁਜ਼ਗਾਰ ਲੋਕਾਂ ਦੀ ਸੈਨਾ ਬਣਦੀ ਜਾ ਰਹੀ ਹੈ। ਹਰ ਸਾਲ 24 ਘੰਟੇ 30 ਹਾਜ਼ਰ ਨਵੇਂ ਯੁਵਕ ਦੇਸ਼ ਵਿੱਚ ਰੁਜ਼ਗਾਰ ਲੱਭਣ ਨਿਕਲਦੇ ਹਨ। 30 ਹਾਜ਼ਰ ਵਿੱਚੋਂ ਮੋਦੀ ਸਰਕਾਰ 24 ਘੰਟੇ ਵਿੱਚ ਸਿਰਫ 450 ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀ ਹੈ। ਸਦਾ ਮੁਕਾਬਲਾ ਚੀਨ ਦੇ ਨਾਲ ਹੈ। ਚੀਨ ਵਿੱਚ ਇੱਕ ਦਿਨ ਚ 50 ਹਾਜ਼ਰ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ ਹੈ।" ਰਾਹੁਲ ਨੇ ਕਿਹਾ, "ਗੁਜਰਾਤ ਵਿੱਚ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਅਸੀਂ ਤੁਹਾਨੂੰ ਆਪਣੇ ਮਨ ਦੀ ਗੱਲ ਨਹੀਂ ਦੱਸਾਂਗੇ। ਅਸੀਂ ਤੁਹਾਡੇ ਮਨ ਦੀ ਗੱਲ ਸੁਣਾਂਗੇ। ਅਸੀਂ ਕਿਸਾਨਾਂ, ਮਜ਼ਦੂਰਾਂ, ਪਿੱਛੜੇ ਵਰਗਾਂ, ਮਹਿਲਾਵਾਂ, ਆਦਿਵਾਸੀਆਂ ਤੇ ਦਲਿਤਾਂ ਦੀ ਗੱਲ ਸੁਣਾਂਗੇ।"