Monsoon in Himachal pradesh: ਮੌਨਸੂਨ ਦੀ ਬਰਸਾਤ ਪਹਾੜੀ ਇਲਾਕਿਆਂ 'ਚ ਆਫਤ ਬਣ ਜਾਂਦੀ ਹੈ ਅਤੇ ਇਸ ਸਾਲ ਹਿਮਾਚਲ 'ਚ ਵੀ ਕੁਝ ਇਸ ਕਦਰ ਆਫਤ ਬਣੀ ਹੈ ਇਹ ਬਰਸਾਤ। ਮੌਨਸੂਨ ਦੇ ਸ਼ੁਰੂਆਤ 'ਚ ਹੀ ਹਿਮਾਚਲ ਪ੍ਰਦੇਸ਼ 'ਚ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ। ਜੁਲਾਈ ਦੇ ਸ਼ੁਰੂ 'ਚ ਹੋਈ ਮਾਨਸੂਨ ਬਾਰਸ਼ ਕਾਰਨ ਹੁਣ ਤੱਕ 78 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 104 ਲੋਕ ਜ਼ਖਮੀ ਹੋਏ ਹਨ। 150 ਕਰੋੜ ਤੋਂ ਵੱਧ ਦੀ ਜਾਇਦਾਦ ਪਾਣੀ ਨਾਲ ਲੈ ਗਈ ਹੈ।


 
ਸਭ ਤੋਂ ਵੱਧ ਨੁਕਸਾਨ ਲੋਕ ਨਿਰਮਾਣ ਵਿਭਾਗ ਦਾ ਹੋਇਆ ਹੈ। ਇਸ ਦੌਰਾਨ 62 ਪਸ਼ੂ-ਪੰਛੀਆਂ ਦੀ ਵੀ ਮੌਤ ਹੋ ਗਈ। ਮੀਂਹ ਕਾਰਨ 100 ਤੋਂ ਵੱਧ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। 62 ਗਊਸ਼ਾਲਾ ਰੁੜ੍ਹ ਗਈਆਂ। 78 ਮੌਤਾਂ ਵਿੱਚੋਂ ਸਭ ਤੋਂ ਵੱਧ 50 ਮੌਤਾਂ ਵਾਹਨ ਹਾਦਸਿਆਂ ਕਾਰਨ ਹੋਈਆਂ। 8 ਮੌਤਾਂ ਸੱਪ ਦੇ ਡੰਗਣ ਕਾਰਨ, 3 ਮੌਤਾਂ ਬਿਜਲੀ ਦਾ ਕਰੰਟ ਲੱਗਣ ਨਾਲ ਅਤੇ ਬਾਕੀ ਹੜ੍ਹਾਂ ਜਾਂ ਲੈਂਡ ਸਲਾਈਡ ਕਾਰਨ ਹੋਈਆਂ। 


ਆਫ਼ਤ ਪ੍ਰਬੰਧਨ ਦੇ ਉਪ ਪ੍ਰਧਾਨ ਰਣਧੀਰ ਸ਼ਰਮਾ ਨੇ ਕਿਹਾ ਕਿ ਇਸ ਵਾਰ ਮਾਨਸੂਨ ਦੇ ਸ਼ੁਰੂਆਤੀ ਪੜਾਅ ਵਿੱਚ ਭਾਰੀ ਨੁਕਸਾਨ ਹੋਇਆ ਹੈ। ਇੰਨੀ ਬਰਸਾਤ ਨਹੀਂ ਹੋਈ ਪਰ ਜਿੱਥੇ ਬਾਰਸ਼ ਹੋਈ, ਉੱਥੇ ਕਾਫੀ ਨੁਕਸਾਨ ਹੋਇਆ ਹੈ। ਹੜ੍ਹਾਂ ਅਤੇ ਸੜਕ ਹਾਦਸਿਆਂ ਕਾਰਨ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਹਿਮਾਚਲ ਵਿੱਚ ਹਰ ਸਾਲ ਬਰਸਾਤ ਕਾਰਨ ਭਾਰੀ ਨੁਕਸਾਨ ਹੁੰਦਾ ਹੈ। 



ਇਸ ਸਬੰਧੀ ਸਰਕਾਰ ਨੇ ਪਹਿਲਾਂ ਹੀ ਜ਼ਿਲ੍ਹਾ ਕੁਲੈਕਟਰਾਂ ਨੂੰ ਆਫ਼ਤ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਕੁਦਰਤੀ ਆਫਤਾਂ 'ਤੇ ਕਿਸੇ ਦੇ ਵੀ ਕਾਬੂ ਨਹੀਂ ਹੈ ਪਰ ਆਫਤਾਂ 'ਚ ਜਾਨੀ-ਮਾਲੀ ਦੇ ਨੁਕਸਾਨ ਨੂੰ ਘੱਟ ਕਰਨ ਲਈ ਜਲਦ ਹੀ ਰਾਹਤ ਬਚਾਅ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਨਦੀ ਦੇ ਨਾਲਿਆਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ।