ਮੌਨਸੂਨ ਨੇ ਫੜੀ ਰਫਤਾਰ, ਇਨ੍ਹਾਂ ਸੂਬਿਆਂ 'ਚ ਪਏਗਾ ਮੀਂਹ, ਪੰਜਾਬ ਸਣੇ ਉੱਤਰੀ ਭਾਰਤ ਹਾਲੇ ਤਪੇਗਾ
ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਆਉਂਦੀ 15 ਜੂਨ ਤੱਕ ਮੌਨਸੂਨ ਪੱਛਮੀ ਬੰਗਾਲ, ਬਿਹਾਰ ਤੇ ਝਾਰਖੰਡ ’ਚ ਵੀ ਆ ਜਾਵੇਗੀ। ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਰਾਜਾਂ ਨੂੰ ਹਾਲੇ ਇਸ ਮਹੀਨੇ ਦੇ ਆਖ਼ਰੀ ਹਫ਼ਤੇ ਤੱਕ ਤਪਸ਼ ਦਾ ਸਾਹਮਣਾ ਕਰਨਾ ਪਵੇਗਾ।
ਨਵੀਂ ਦਿੱਲੀ: ਉੱਤਰੀ ਭਾਰਤ ’ਚ ਇਨ੍ਹੀਂ ਦਿਨੀਂ ਭਿਆਨਕ ਗਰਮੀ ਨਾਲ ਤਾਪਮਾਨ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦਿਨ ਵੇਲੇ ਤਾਪਮਾਨ ਕੁਝ ਜ਼ਿਆਦਾ ਹੋਣ ਕਾਰਨ ਲੋਕ ਮੁੜ੍ਹਕੋ–ਮੁੜ੍ਹਕੀ ਹੋਏ ਰਹਿੰਦੇ ਹਨ। ਪੰਜਾਬ, ਹਰਿਆਣਾ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਮੇਤ ਕੁਝ ਹੋਰ ਇਲਾਕਿਆਂ ਵਿੱਚ ਝੱਖੜ ਝੁੱਲਣ ਦੇ ਨਾਲ-ਨਾਲ ਬੂੰਦਾ-ਬਾਂਦੀ ਵੀ ਹੋਈ।
ਉੱਧਰ ਮੌਨਸੂਨ ਕੇਰਲ ਤੇ ਤਾਮਿਲਨਾਡੂ ’ਚ ਆ ਚੁੱਕੀ ਹੈ ਤੇ ਉੱਥੇ ਭਾਰੀ ਵਰਖਾ ਹੋ ਰਹੀ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਆਉਂਦੀ 15 ਜੂਨ ਤੱਕ ਮੌਨਸੂਨ ਪੱਛਮੀ ਬੰਗਾਲ, ਬਿਹਾਰ ਤੇ ਝਾਰਖੰਡ ’ਚ ਵੀ ਆ ਜਾਵੇਗੀ। ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਰਾਜਾਂ ਨੂੰ ਹਾਲੇ ਇਸ ਮਹੀਨੇ ਦੇ ਆਖ਼ਰੀ ਹਫ਼ਤੇ ਤੱਕ ਤਪਸ਼ ਦਾ ਸਾਹਮਣਾ ਕਰਨਾ ਪਵੇਗਾ। ਉਂਝ ਆਉਂਦੇ ਐਤਵਾਰ ਤੇ ਸੋਮਵਾਰ ਭਾਵ 13 ਤੇ 14 ਜੂਨ ਨੂੰ ਕੁਝ ਛਿੱਟਾਂ ਪੈਣ ਨਾਲ ਮੌਸਮ ਕੁਝ ਸੁਹਾਵਣਾ ਹੋ ਸਕਦਾ ਹੈ।
ਦੱਖਣ-ਪੱਛਮੀ ਮੌਨਸੂਨ ਦੇ 10 ਦਿਨਾਂ ਵਿੱਚ ਓਡੀਸ਼ਾ, ਝਾਰਖੰਡ, ਪੱਛਮੀ ਬੰਗਾਲ ਦੇ ਕੁਝ ਇਲਾਕਿਆਂ ’ਚ ਪੁੱਜਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮੀ ਮੌਨਸੂਨ ਮੱਧ ਅਰਬ ਸਾਗਰ, ਕਰਨਾਟਕ ਦੇ ਸਮੁੰਦਰੀ ਕੰਢਿਆਂ ਵਾਲੇ ਇਲਾਕਿਆਂ, ਗੋਆ, ਮਹਾਰਾਸ਼ਟਰ ਦੇ ਕੁਝ ਇਲਾਕਿਆਂ, ਕਰਨਾਟਕ ਦੇ ਅੰਦਰੂਨੀ ਹਿੱਸਿਆਂ, ਤੇਲੰਗਾਨ ਦੇ ਕੁਝ ਹਿੱਸਿਆਂ ਤੇ ਆਂਧਰਾ ਪ੍ਰਦੇਸ਼, ਤਾਮਿਲ ਨਾਡੂ ਦੇ ਕੁਝ ਹਿੱਸਿਆਂ, ਮੱਧ ਬੰਗਾਲ ਦੀ ਖਾੜੀ ਤੇ ਬੰਗਾਲ ਦੀ ਖਾੜੀ ਦੇ ਉੱਤਰ-ਪੂਰਬੀ ਹਿੱਸਿਆਂ ਤੱਕ ਪੁੱਜ ਚੁੱਕੀ ਹੈ।
ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਰਾਜਿੰਦਰ ਜੇਨਾਮਾਨੀ ਨੇ ਕਿਹਾ ਕਿ 7-8 ਜੂਨ ਨੂੰ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ 11 ਜੂਨ ਤੱਕ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਦੀ ਸੰਭਾਵਨਾ ਬਣੀ ਹੋਈ ਹੈ। ਇਸ ਨਾਲ ਮੌਨਸਨੂ ਦੀ ਪ੍ਰਗਤੀ ਵਿੱਚ ਸਹਿਯੋਗ ਮਿਲੇਗਾ। ਇਸ ਦੇ ਓਡੀਸ਼ਾ, ਝਾਰਖੰਡ, ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਤੇ ਬਿਹਾਰ ਵੱਲ ਵਧਣ ਦੀ ਸੰਭਾਵਨਾ ਹੈ। ਮੌਨਸੂਨ ਦੋ ਦਿਨਾਂ ਦੀ ਦੇਰੀ ਨਾਲ ਤਿੰਨ ਜੂਨ ਨੂੰ ਕੇਰਲ ਪੁੱਜੀ ਸੀ। ਮੌਸਮ ਵਿਭਾਗ ਨੇ ਜੂਨ ਮਹੀਨੇ ਆਮ ਵਰਗੀ ਵਰਖਾ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਦੇਸ਼ ਵਿੱਚ ਲੂ ਚੱਲਣ ਦੀ ਸੰਭਾਵਨਾ ਨਹੀਂ ਹੈ। ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ, ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ, ਹਰਿਆਣਾ, ਸੌਰਾਸ਼ਟਰ ਤੇ ਗੁਜਰਾਤ ਦੇ ਕੱਛ ਅਤੇ ਓਡੀਸ਼ਾ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਰਿਹਾ।