Raghav Chadha: ਸੰਸਦ ਮੈਂਬਰ ਰਾਘਵ ਚੱਢਾ ਦੀਆਂ ਵਧ ਸਕਦੀਆਂ ਮੁਸ਼ਕਲਾਂ, ਜੇ MPs ਵੱਲੋਂ ਸ਼ਿਕਾਇਤ ਹੋਈ ਤਾਂ ਰਾਜ ਸਭਾ ਲੈ ਸਕਦੀ ਸਖ਼ਤ ਐਕਸ਼ਨ..ਜਾਣੋ ਪੂਰਾ ਮਾਮਲਾ
Raghav Chadha: ਸੰਸਦ ਮੈਂਬਰ ਰਾਘਵ ਚੱਢਾ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ....
Raghav Chadha: ਦੇਰ ਰਾਤ ਦਿੱਲੀ ਸੇਵਾ ਬਿੱਲ ਵੀ ਰਾਜ ਸਭਾ ਵੱਲੋਂ ਪਾਸ ਕਰ ਦਿੱਤਾ ਗਿਆ ਤੇ 'ਆਪ' ਸਮੇਤ I.N.D.I.A ਗੱਠਜੋੜ ਕੁਝ ਨਹੀਂ ਕਰ ਸਕਿਆ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਵੀ ਘੇਰਿਆ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੋ ਮੈਂਬਰ ਕਹਿ ਰਹੇ ਹਨ ਕਿ ਉਨ੍ਹਾਂ ਨੇ ਰਾਘਵ ਚੱਢਾ ਵੱਲੋਂ ਪੇਸ਼ ਮਤੇ 'ਤੇ ਦਸਤਖਤ ਨਹੀਂ ਕੀਤੇ। ਸ਼ਾਹ ਨੇ ਪੁੱਛਿਆ ਕਿ ਕਿਸ ਨੇ ਦਸਤਖਤ ਕੀਤੇ ਹਨ? ਇਹ ਜਾਂਚ ਦਾ ਵਿਸ਼ਾ ਹੈ। ਹੁਣ ਇਹ ਸਿਰਫ਼ ਦਿੱਲੀ ਸਰਕਾਰ ਵਿੱਚ ‘ਜਾਲਸਾਜ਼ੀ’ ਦਾ ਮਾਮਲਾ ਨਹੀਂ ਰਿਹਾ। ਇਹ ਸਦਨ 'ਚ ‘ਜਾਲਸਾਜ਼ੀ’ ਦਾ ਮਾਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਮੈਂਬਰਾਂ ਦੇ ਬਿਆਨ ਲਏ ਜਾਣ ਤੇ ਜਾਂਚ ਕਰਵਾਈ ਜਾਵੇ ਕਿ ਅਜਿਹਾ ਕਿਵੇਂ ਹੋਇਆ। ਰਾਘਵ ਚੱਢਾ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਿਹਾ ਹੈ।
ਆਓ ਜਾਣਦੇ ਹਾਂ ਰਾਘਵ ਚੱਢਾ ਨੇ ਅਜਿਹਾ ਕੀ ਕੀਤਾ, ਜਿਸ 'ਤੇ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਉਨ੍ਹਾਂ ਨੂੰ ਘੇਰ ਰਹੀਆਂ ਹਨ। ਕਈ ਮੈਂਬਰਾਂ ਨੇ ਰਾਘਵ ਚੱਢਾ ਵਿਰੁੱਧ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਰਾਘਵ ਚੱਢਾ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਕਿਹਾ ਕਿ BJP ਦੇ ਸੰਸਦ ਮੈਂਬਰ ਸਸਮਿਤ ਪਾਤਰਾ ਅਤੇ ਭਾਜਪਾ ਸੰਸਦ ਡਾਕਟਰ ਸੁਧਾਂਸ਼ੂ ਤ੍ਰਿਵੇਦੀ ਕਹਿ ਰਹੇ ਹਨ ਕਿ ਉਨ੍ਹਾਂ ਨੇ 'ਆਪ' ਸੰਸਦ ਰਾਘਵ ਚੱਢਾ ਦੁਆਰਾ ਪੇਸ਼ ਕੀਤੇ ਮਤੇ (ਚੋਣ ਕਮੇਟੀ ਦਾ ਹਿੱਸਾ ਬਣਨ ਲਈ) 'ਤੇ ਦਸਤਖਤ ਨਹੀਂ ਕੀਤੇ ਹਨ।
ਅਜਿਹੇ ਕੁੱਲ ਪੰਜ ਸੰਸਦ ਮੈਂਬਰ ਸਾਹਮਣੇ ਆਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਪੰਜ ਮੈਂਬਰਾਂ ਨੇ ਦਸਤਖਤ ਵਿਵਾਦ ਨੂੰ ਲੈ ਕੇ ਰਾਘਨ ਖਿਲਾਫ ਸ਼ਿਕਾਇਤ ਕੀਤੀ ਹੈ। ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਦੋਸ਼ ਹੈ। ਭਾਜਪਾ ਦੇ ਸਾਂਸਦ ਡਾ. ਸਸਮਿਤ ਪਾਤਰਾ ਨੇ ਕਿਹਾ ਕਿ ਜਦੋਂ ਸਦਨ ਵਿੱਚ (ਦਿੱਲੀ ਸਰਵਿਸਿਜ਼ ਬਿੱਲ 'ਤੇ ਚਰਚਾ ਦੌਰਾਨ) ਮਤਾ ਪੇਸ਼ ਕੀਤਾ ਜਾ ਰਿਹਾ ਸੀ, ਤਾਂ ਮੈਂ ਸੁਣਿਆ ਕਿ ਰਾਘਵ ਚੱਢਾ ਵੱਲੋਂ ਪੇਸ਼ ਕੀਤੇ ਗਏ ਮਤੇ ਵਿੱਚ ਮੇਰੇ ਨਾਂ ਦਾ ਜ਼ਿਕਰ ਕੀਤਾ ਗਿਆ ਸੀ। ਮੇਰੀ ਅਗਾਊਂ ਸਹਿਮਤੀ ਤੋਂ ਬਿਨਾਂ ਮੇਰਾ ਨਾਮ ਪੇਸ਼ ਨਹੀਂ ਕੀਤਾ ਜਾ ਸਕਦਾ। ਮੈਨੂੰ ਉਮੀਦ ਹੈ ਕਿ ਸਦਨ ਦੇ ਸਪੀਕਰ ਕਾਰਵਾਈ ਕਰਨਗੇ। ਮੈਂ ਸ਼ਿਕਾਇਤ ਦਿੱਤੀ ਹੈ। ਜ਼ਾਹਿਰ ਹੈ ਕਿ ਇਹ ਵਿਸ਼ੇਸ਼ ਅਧਿਕਾਰ ਦੀ ਗੱਲ ਹੈ। ਅਸੀਂ ਸਾਰਿਆਂ ਨੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਏ.ਆਈ.ਏ.ਡੀ.ਐੱਮ.ਕੇ. ਦੇ ਸੰਸਦ ਮੈਂਬਰ ਡਾ. ਐੱਮ. ਥੰਬੀਦੁਰਾਈ ਨੇ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਾਗਜ਼ 'ਤੇ ਦਸਤਖਤ ਨਹੀਂ ਕੀਤੇ ਹਨ ਅਤੇ ਇਹ ਵਿਸ਼ੇਸ਼ ਅਧਿਕਾਰ ਦੀ ਗੱਲ ਹੈ।
ਇਹ ਸਾਰਾ ਮਾਮਲਾ
ਦਰਅਸਲ, ਜਦੋਂ ਉਪਰਲੇ ਸਦਨ ਵਿੱਚ 'ਦਿੱਲੀ ਨੈਸ਼ਨਲ ਕੈਪੀਟਲ ਟੈਰੀਟਰੀ ਗਵਰਨੈਂਸ ਸੋਧ ਬਿੱਲ 2023' 'ਤੇ ਚਰਚਾ ਪੂਰੀ ਹੋ ਗਈ ਸੀ। ਇਸ ਤੋਂ ਬਾਅਦ ਉਪ ਚੇਅਰਮੈਨ ਹਰੀਵੰਸ਼ ਨੇ ਵਿਰੋਧੀ ਮੈਂਬਰਾਂ ਵੱਲੋਂ ਲਿਆਂਦੀਆਂ ਸੋਧਾਂ ਨੂੰ ਪਾਸ ਕਰਵਾਉਣ ਲਈ ਰੱਖਿਆ। ਇਸ ਤੋਂ ਬਾਅਦ 'ਆਪ' ਦੇ ਸੰਸਦ ਮੈਂਬਰ ਰਾਘਵ ਚੱਢਾ ਦੁਆਰਾ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਨੇ ਬਿੱਲ ਨੂੰ ਚੋਣ ਕਮੇਟੀ ਕੋਲ ਭੇਜਣ ਦਾ ਪ੍ਰਸਤਾਵ ਦਿੱਤਾ। ਇਸ ਵਿੱਚ ਕਮੇਟੀ ਮੈਂਬਰਾਂ ਦੇ ਨਾਂ ਵੀ ਸਨ।
ਇਸ ਮਾਮਲੇ 'ਤੇ ਇਤਰਾਜ਼ ਜਤਾਉਂਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੋ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਪ੍ਰਸਤਾਵ 'ਚ ਸ਼ਾਮਲ ਕੀਤੇ ਗਏ ਸਨ। ਮਤੇ 'ਤੇ ਉਨ੍ਹਾਂ ਮੈਂਬਰਾਂ ਦੇ ਦਸਤਖਤ ਵੀ ਨਹੀਂ ਹਨ। ਸ਼ਾਹ ਦਾ ਕਹਿਣਾ ਹੈ ਕਿ ਇਹ ਜਾਂਚ ਦਾ ਮਾਮਲਾ ਹੈ। ਸ਼ਾਹ ਦਾ ਕਹਿਣਾ ਹੈ ਕਿ ਹੁਣ ਇਹ ਸਿਰਫ ਦਿੱਲੀ 'ਚ ਫਰਜ਼ੀਵਾੜੇ ਦੀ ਗੱਲ ਨਹੀਂ ਹੈ, ਸਗੋਂ ਸਦਨ ਦੇ ਅੰਦਰ ਫਰਜ਼ੀਵਾੜੇ ਦੀ ਗੱਲ ਹੈ। ਸ਼ਾਹ ਨੇ ਇਸ ਨੂੰ ਸਦਨ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੱਸਿਆ। ਸ਼ਾਹ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।