Mucormycosis: ‘ਬਲੈਕ ਫ਼ੰਗਸ’ ਦੇ ਇਲਾਜ ਲਈ ਇੰਜੈਕਸ਼ਨ Amphotericin B ਮਿਲੇਗਾ 1,200 ਰੁਪਏ ’ਚ
ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਇਹ ਦਵਾਈ ਸਿਰਫ਼ ਇੱਕੋ ਕੰਪਨੀ ਤਿਆਰ ਕਰ ਰਹੀ ਸੀ। ਉਹ ਦਵਾਈ 7,000 ਰੁਪਏ ’ਚ ਉਪਲਬਧ ਸੀ ਪਰ ਹੁਣ ਇਹ ਇੰਜੈਕਸ਼ਨ 1,200 ਰੁਪਏ ’ਚ ਉਪਲਬਧ ਹੋਵੇਗਾ।
Mucormycosis: ਮਹਾਰਾਸ਼ਟਰ ਸਥਿਤ ‘ਜੀਨੈਟਿਕ ਲਾਈਫ਼ ਸਾਇੰਸਜ’ ਨੇ ਅੱਜ ਵੀਰਵਾਰ ਤੋਂ ‘Mucormycosis’ ਭਾਵ ‘ਬਲੈਕ ਫ਼ੰਗਸ’ ਦਾ ਇਲਾਜ ਕਰਨ ਵਾਲੀ ਦਵਾਈ Amphotericin B ਇਮੱਲਸ਼ਨ ਇੰਜੈਕਸ਼ਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ‘ਬਲੈਕ ਫ਼ੰਗਸ’ ਨੇ ਵੀ ਹੁਣ ਦੇਸ਼ ’ਚ ਕਹਿਰ ਵਰਤਾਇਆ ਹੋਇਆ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਇਹ ਦਵਾਈ ਸਿਰਫ਼ ਇੱਕੋ ਕੰਪਨੀ ਤਿਆਰ ਕਰ ਰਹੀ ਸੀ। ਉਹ ਦਵਾਈ 7,000 ਰੁਪਏ ’ਚ ਉਪਲਬਧ ਸੀ ਪਰ ਹੁਣ ਇਹ ਇੰਜੈਕਸ਼ਨ 1,200 ਰੁਪਏ ’ਚ ਉਪਲਬਧ ਹੋਵੇਗਾ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪੂਰੀ ਦੁਨੀਆ ਤੋਂ ਕਿਤੋਂ ਵੀ ਜੰਗੀ ਪੱਧਰ ਉੱਤੇ ਇਹ ਦਵਾਈ ਉਪਲਬਧ ਕਰਵਾਉਣ। ਸੂਤਰਾਂ ਨੇ ਖ਼ਬਰ ਏਜੰਸੀ ANI ਨੂੰ ਦੱਸਿਆ ਕਿ ਅਮਰੀਕਾ ਦੀ Gilead Sciences ਦੀ ਮਦਦ ਨਾਲ ਹੁਣ ਇਹ ਦਵਾਈ ਮਿਲ ਗਈ ਹੈ। ਦੱਸ ਦੇਈਏ ਕਿ ਬੇਕਾਬੂ ਡਾਇਬਟੀਜ਼ ਤੇ ਲੰਮਾ ਸਮਾਂ ਆਈਸੀਯੂ ’ਚ ਰਹੇ ਵਿਅਕਤੀਆਂ ਲਈ ‘ਬਲੈਕ ਫ਼ੰਗਸ’ ਬਹੁਤ ਘਾਤਕ ਸਿੱਧ ਹੋ ਰਹੀ ਹੈ ਪਰ ਜੇ ਸਮੇਂ-ਸਿਰ ਇਲਾਜ ਕੀਤਾ ਜਾਵੇ, ਤਾਂ ਇਹ ਠੀਕ ਵੀ ਹੋ ਜਾਂਦੀ ਹੈ।
ਜੇ ਸਾਇਨਾਇਟਸ ਹੋਵੇ, ਚਿਹਰੇ ਦੇ ਇੱਕ ਪਾਸੇ ਦਰਦ ਜਾਂ ਸੁੰਨਪਣ ਹੋਵੇ, ਚਿਹਰੇ ਉੱਤੇ ਹੀ ਕਿਤੇ ਰੰਗ ਕਾਲਾ ਪੈਂਦਾ ਜਾਵੇ; ਖ਼ਾਸ ਕਰਕੇ ਨੱਕ ਜਾਂ ਸੰਘ ਦੇ ਅੰਦਰ, ਦੰਦ ਦਰਦ ਹੋਵੇ, ਧੁੰਦਲਾ ਦਿਸੇ ਜਾਂ ਇੱਕ ਦੀਆਂ ਦੋ-ਦੋ ਵਸਤਾਂ ਦਿਸਣ, ਚਮੜੀ ਫਟੀ ਹੋਈ ਜਾਪੇ, ਸਰੀਰ ’ਤੇ ਕਿਤੋਂ ਕੋਈ ਭਾਗ ਫੁੱਲਿਆ ਹੋਇਆ ਜਾਵੇ ਤੇ ਸਾਹ ਨਾਲ ਸਬੰਧਤ ਲੱਛਣ ਵਿਗੜਦੇ ਜਾਣ, ਤਾਂ ਮਰੀਜ਼ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਾਰੇ ‘ਬਲੈਕ ਫ਼ੰਗਸ’ ਦੇ ਲੱਛਣ ਹਨ।
ਜੇ ਕਿਤੇ ਮਰੀਜ਼ ਦਾ ਸ਼ੂਗਰ ਬੇਕਾਬੂ ਹੋਵੇ ਜਾਂ ਉਸ ਨੇ ਪਹਿਲਾਂ ਸਟੀਰਾੱਇਡਜ਼ ਦੀ ਵਰਤੋਂ ਜ਼ਿਆਦਾ ਕੀਤੀ ਹੋਵੇ, ICU ’ਚ ਲੰਮਾ ਸਮਾਂ ਬਿਤਾਇਆ ਹੋਵੇ, ਤਦ ਉਸ ਨੂੰ ‘ਬਲੈਕ ਫ਼ੰਗਸ’ ਦਾ ਰੋਗ ਛੇਤੀ ਲੱਗਣ ਦੇ ਆਸਾਰ ਰਹਿੰਦੇ ਹਨ।
ਇਸ ਰੋਗ ਤੋਂ ਰੋਕਥਾਮ ਲਈ ਕੋਵਿਡ-19 ਤੋਂ ਠੀਕ ਹੋਣ ਪਿੱਛੋਂ ਬਲੱਡ ਗਲੂਕੋਜ਼ ਦੇ ਲੈਵਲ ਉੱਤੇ ਨਿਰੰਤਰ ਨਜ਼ਰ ਰੱਖਣੀ ਚਾਹੀਦੀ ਹੈ। ਸਟੀਰਾੱਇਡਜ਼ ਦੀ ਵਰਤੋਂ ਅਣਸਰਦੇ ਨੂੰ ਤੇ ਬਹੁਤ ਸੂਝਬੂਝ ਨਾਲ ਹੀ ਕਰਨੀ ਚਾਹੀਦੀ ਹੈ, ਉਨ੍ਹਾਂ ਦੀ ਕਿੰਨੀ ਡੋਜ਼ ਲਈ ਜਾਵੇ ਤੇ ਉਨ੍ਹਾਂ ਨੂੰ ਕਿੰਨਾ ਸਮਾਂ ਲੈਣਾ ਚਾਹੀਦਾ ਹੈ; ਇਸ ਬਾਰੇ ਫ਼ੈਸਲਾ ਮਾਹਿਰ ਡਾਕਟਰਾਂ ਤੋਂ ਕਰਵਾਇਆ ਜਾਵੇ। ਇਸ ਤੋਂ ਇਲਾਵਾ ਆਕਸੀਜਨ ਥੈਰਾਪੀ ਦੌਰਾਨ ਹਿਊਮਿਡੀਫ਼ਾਇਰਜ਼ ਵਿੱਚ ਸਾਫ਼ ਸੁਥਰੇ ਰੋਗਾਣੂ-ਮੁਕਤ ਪਾਣੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Sidhu Moose Wala ਤੇ Divine ਦੀ ਜੋੜੀ ਨੇ ਮਿਊਜ਼ਿਕ ਇੰਡਸਟਰੀ 'ਚ ਲਿਆਂਦਾ ਭੂਚਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin