ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਆਲਮ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਜਦ ਉਹ ਨਮਾਜ਼ ਅਦਾ ਕਰਕੇ ਵਾਪਸ ਆ ਰਿਹਾ ਸੀ ਤਾਂ ਗੁਰੂਗਰਾਮ ਦੇ ਸਦਰ ਬਾਜ਼ਾਰ ਮਾਰਗ 'ਤੇ ਚਾਰ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕਿਆ ਤੇ ਰਿਵਾਇਤੀ ਟੋਪੀ 'ਤੇ ਪਹਿਨੇ ਹੋਣ 'ਤੇ ਇਤਰਾਜ਼ ਜਤਾਇਆ। ਆਲਮ ਨੇ ਦੱਸਿਆ ਕਿ ਉਸ ਨੇ ਟੋਪੀ ਉਤਾਰ ਦਿੱਤੀ ਤਾਂ ਵੀ ਉਹ ਨੌਜਵਾਨ ਨਾ ਰੁਕੇ ਤੇ ਉਸ ਨੂੰ ਥੱਪੜ ਮਾਰਨ ਲੱਗੇ।
ਉਸ ਨੇ ਅੱਗੇ ਦੱਸਿਆ ਕਿ ਨੌਜਵਾਨਾਂ ਨੇ ਉਸ ਨੂੰ ਕਿਹਾ ਕਿ ਉਹ ਭਾਰਤ ਮਾਤਾ ਦੀ ਜੈ ਦਾ ਨਾਅਰੇ ਲਾਵੇ। ਆਲਮ ਨੇ ਇਹ ਵੀ ਕਰ ਦਿੱਤਾ ਫਿਰ ਉਨ੍ਹਾਂ ਨੇ ਉਸ ਨੂੰ ਜੈ ਸ਼੍ਰੀ ਰਾਮ ਦਾ ਜੈਕਾਰਾ ਲਾਉਣ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ। ਇਨਕਾਰ ਸੁਣ ਨੌਜਵਾਨ ਤੈਸ਼ ਵਿੱਚ ਆ ਗਏ ਤੇ ਉਸ ਨੂੰ ਸੜਕ 'ਤੇ ਪਈ ਸੋਟੀ ਨਾਲ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਸਥਾਨਕ ਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਬਾਅਦ ਪੂਰੇ ਦੇਸ਼ ਵਿੱਚ ਮੁਸਲਮਾਨਾਂ 'ਤੇ ਭੀੜ ਵੱਲੋਂ ਹਿੰਸਾ ਦਾ ਇਹ ਚੌਥਾ ਮਾਮਲਾ ਹੈ।