ਨਵੀਂ ਦਿੱਲੀ: ਨੈਨੀਤਾਲ ‘ਚ ਇੱਕ ਟੋਲ ਪਲਾਜ਼ਾ ਕਰਮਚਾਰੀ ਨੇ ਪੁਲਿਸ ਅਧਿਕਾਰੀ ‘ਤੇ ਉਸ ‘ਤੇ ਗੋਲ਼ੀਆਂ ਚਲਾਉਣ ਦੇ ਇਲਜ਼ਾਮ ਲਗਾਏ ਹਨ। ਟੋਲ ਮੁਲਾਜ਼ਮ ਵੱਲੋਂ ਦਿੱਤੀ ਸ਼ਿਕਾਇਤ ‘ਚ ਕਿਹਾ ਕਿ 28 ਜਨਵਰੀ ਨੂੰ ਤਾਲੀਤਾਲ ਥਾਣੇ ਦੇ ਪੁਲਿਸ ਕਾਂਸਟੇਬਲ ਅਤੇ ਦੋ ਹੋਰ ਵਿਅਕਤੀਆਂ ਨੇ ਪ੍ਰਾਈਵੇਟ ਵਾਹਨ ‘ਚ ਆ ਕੇ ਉਸ ‘ਤੇ ਗੋਲ਼ੀਆਂ ਚਲਾਈਆਂ।

ਸ਼ਿਕਾਇਤਕਰਤਾ ਨੰਦਨ ਸਿੰਘ ਨੇ ਦੋਸ਼ ਲਗਾਇਆ ਕਿ ਉਸ 'ਤੇ ਗੋਲੀਆਂ ਚਲਾਉਣ ਤੋਂ ਬਾਅਦ ਕਾਂਸਟੇਬਲ ਨੇ ਉਸ ਨੂੰ ਬੁਲਾਇਆ ਅਤੇ ਉਸ ਨੂੰ ਧਮਕਾਇਆ ਕਿ ਉਹ ਇਸ ਘਟਨਾ ਬਾਰੇ ਕਿਸੇ ਨੂੰ ਨਾ ਦੱਸੇ। ਸਿੰਘ ਨੇ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਪੇਸ਼ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਵੀ ਵਾਇਰਲ  ਕੀਤੀ ਗਈ ਸੀ।



ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਕਾਂਸਟੇਬਲ ਆਪਣੀ ਵਰਦੀ ‘ਚ ਨਹੀਂ ਸੀ ਅਤੇ ਇਕ ਪ੍ਰਾਈਵੇਟ ਵਾਹਨ ‘ਚ ਸੀ। ਕਾਂਸਟੇਬਲ ਨੇ ਉਸ ਨੂੰ ਇਕ ਖਾਸ ਟੋਲ ਪਲਾਜ਼ਾ ਕਰਮਚਾਰੀ ਦੇ ਠਿਕਾਣਾ ਬਾਰੇ ਪੁੱਛਿਆ। ਜਦੋਂ ਉਸ ਨੇ ਕਾਂਸਟੇਬਲ ਨੂੰ ਦੱਸਿਆ ਕਿ ਕਰਮਚਾਰੀ ਉੱਥੇ ਨਹੀਂ ਹੈ, ਤਾਂ ਕਾਂਸਟੇਬਲ ਨੇ ਉਸ 'ਤੇ ਗੋਲ਼ੀਆਂ ਚਲਾਈਆਂ।

ਨੈਨੀਤਾਲ ਦੇ ਸੀਨੀਅਰ ਸੁਪਰਡੈਂਟ ਸੁਨੀਲ ਕੁਮਾਰ ਮੀਨਾ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਿਹਾ ਕਿ ਉਸ ਨੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।