ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਦੁਸਹਿਰੇ ਵਾਲੇ ਦਿਨ ਵਾਪਰੇ ਦਰਦਨਾਕ ਰੇਲ ਹਾਦਸੇ ਵਿੱਚ 59 ਲੋਕਾਂ ਦੀ ਜਾਨ ਚਲੀ ਗਈ। ਇਸ ਹਾਦਸੇ ਲਈ ਸਿੱਧੂ ਜੋੜੇ ’ਤੇ ਕਈ ਸਵਾਲ ਚੁੱਕੇ ਜਾ ਰਹੇ ਹਨ। ਵਿਰੋਧੀ ਧਿਰ ਨੇ ਵੀ ਨਵਜੋਤ ਕੌਰ ਸਿੱਧੂ ਦੇ ਅਸਤੀਫੇ ਤੇ ਗ੍ਰਿਫਤਾਰੀ ਦੀ ਮੰਗ ਚੁੱਕੀ ਹੈ। ਇਸ ਪਿੱਛੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਆਪਣੇ ਬਚਾਅ ’ਚ ਉੱਤਰੇ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਉਹ ਰੇਲ ਹਾਦਸੇ ਵਿੱਚ ਅਨਾਥ ਹੋਏ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਖਰਚਾ ਚੁੱਕਣਗੇ। ਉੱਧਰ, ਜਾਖੜ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਸਿੱਧੂ ਨੂੰ ਫਸਾਉਣਾ ਚਾਹੁੰਦੀ ਹੈ। ਸਿਆਸਤ ਛੱਡ ਕੇ ਸਰਕਾਰ ਨੂੰ ਰੇਲਵੇ ਵਿਭਾਗ ਨੂੰ ਜਾਂਚ ਕਰਨ ਲਈ ਕਹਿਣਾ ਚਾਹੀਦਾ ਹੈ।

ਹਾਦਸੇ ’ਚ ਪੀੜਤ ਬੱਚਿਆਂ ਨੂੰ ਪੜ੍ਹਾਉਣਗੇ ਸਿੱਧੂ

ਨਵਜੋਤ ਸਿੱਧੂ ਨੇ ਕਿਹਾ ਕਿ ਉਹ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਬੱਚਿਆਂ ਦੀ ਦੇਖਭਾਲ ਕਰਨਗੇ। ਲੋਕ ਇੰਨ੍ਹਾਂ ਬੱਚਿਆਂ ਨੂੰ ਅਨਾਥ ਨਾ ਕਹਿਣ, ਉਹ ਉਨ੍ਹਾਂ ਦੇ ਆਪਣੇ ਬੱਚੇ ਹਨ। ਉਨ੍ਹਾਂ ਬੱਚਿਆਂ ਦੀ ਸਾਰੀ ਪੜ੍ਹਾਈ ਕਰਾਉਣ ਦਾ ਐਲਾਨ ਕੀਤਾ।

ਕੇਂਦਰੀ ਬੀਜੇਪੀ ਸਿੱਧੂ ਨੂੰ ਫਸਾ ਰਹੀ, ਸੁਖਬੀਰ ਬੀਜੇਪੀ ਨੂੰ ਜਾਂਚ ਲਈ ਕਹਿਣ

ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਇਸ ਦਰਦਨਾਕ ਹਾਦਸੇ ’ਤੇ ਘਟੀਆ ਸਿਆਸਤ ਖੇਡੀ ਜਾ ਰਹੀ ਹੈ। ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਸਿੱਧੂ ਨੂੰ ਫਸਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਬੀਜੇਪੀ ਨੂੰ ਜਾਂਚ ਕਰਾਉਣ ਲਈ ਕਹਿਣਾ ਚਾਹੀਦਾ ਹੈ। ਰੇਲਵੇ ’ਤੇ ਕਈ ਸਵਾਲ ਉੱਠ ਰਹੇ ਹਨ, ਇਸ ਲਈ ਰੇਲ ਮੰਤਰੀ ਨੂੰ ਵੀ ਨਿਰਪੱਖ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਰੇਲਵੇ ’ਤੇ ਇਲਜ਼ਾਮ ਲਾਇਆ ਕਿ ਸਮਾਗਮ ਵੇਲੇ ਲੋਕਾਂ ਦੀ ਭੀੜ ਰੇਲਵੇ ਟਰੈਕ ’ਤੇ ਖੜ੍ਹੇ ਸਨ ਪਰ ਰੇਲਵੇ ਪੁਲਿਸ ਉੱਥੇ ਮੌਜੂਦ ਨਹੀਂ ਸੀ।

ਰੇਲਵੇ ’ਤੇ ਚੁੱਕੇ ਸਵਾਲ, ਜਾਂਚ ਦੀ ਕੀਤੀ ਮੰਗ

ਜਾਖੜ ਨੇ ਕਿਹਾ ਕਿ ਲੋਕਾਂ ਨੂੰ ਜਾਂਚ ਪੂਰੀ ਹੋਣ ਤਕ ਇੰਤਜ਼ਾਰ ਕਰਨਾ ਚਾਹੀਦਾ ਹੈ। ਰੇਲਵੇ ਨੇ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਖ਼ੂਨੀ ਰੇਲ ਦੇ ਪਾਇਲਟ ਨੂੰ ਵੀ ਕਲੀਨ ਚਿੱਟ ਦੇ ਦਿੱਤੀ, ਜਿਸ ’ਤੇ ਕਈ ਸਵਾਲ ਚੁੱਕੇ ਜਾ ਰਹੇ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਆਖ਼ਰ ਰੇਲਵੇ ਮੰਤਰੀ ਨੂੰ ਕਲੀਨ ਚਿੱਟ ਦੇਣ ਦੀ ਇੰਨੀ ਵੀ ਕੀ ਜਲਦੀ ਸੀ? ਰੇਲਵੇ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ।