(Source: ECI/ABP News/ABP Majha)
ਸਿੱਖ ਲੀਡਰ ਦੇ ਕਤਲ ਬਾਰੇ ਫ਼ੇਸਬੁੱਕ ’ਤੇ ਕਬੂਲਨਾਮਾ, 27 ਨੁਕਤਿਆਂ ’ਚ ਸਾਰੀ ਕਹਾਣੀ
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਹਰਪ੍ਰੀਤ ਅਤੇ ਹਰਮੀਤ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ: ਦਿੱਲੀ ਦੇ ਮੋਤੀ ਨਗਰ ਇਲਾਕੇ ਵਿੱਚ ਜੰਮੂ-ਕਸ਼ਮੀਰ ਦੀ ਨੈਸ਼ਨਲ ਕਾਨਫ਼ਰੰਸ ਪਾਰਟੀ ਦੇ ਨੇਤਾ ਤ੍ਰਿਲੋਚਨ ਸਿੰਘ ਵਜ਼ੀਰ ਦੇ ਕਤਲ ਮਾਮਲੇ ਵਿੱਚ ਹਰਮੀਤ ਸਿੰਘ ਨਾਂ ਦੇ ਇੱਕ ਸ਼ੱਕੀ ਦੀ ਫੇਸਬੁੱਕ ਪ੍ਰੋਫਾਈਲ ਪੁਲਿਸ ਦੇ ਸਾਹਮਣੇ ਆਈ ਹੈ। ਇਸ ਵਿੱਚ 27 ਨੁਕਾਤੀ ਕਬੂਲਨਾਮਾ ਅਪਲੋਡ ਕੀਤਾ ਗਿਆ ਹੈ। ਆਤਮ ਹੱਤਿਆ ਕਰਨ ਦੀ ਗੱਲ ਵੀ ਲਿਖੀ ਗਈ ਹੈ। ਜੰਮੂ ਦੇ ਵਸਨੀਕ ਹਰਮੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਹ ਕਤਲ ਉਸ ਨੇ ਕੀਤਾ ਸੀ, ਹਰਪ੍ਰੀਤ ਨੇ ਨਹੀਂ।
ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਇਸ ਗੱਲ ਦੀ ਪੁਸ਼ਟੀ ਕਰ ਰਹੀ ਹੈ ਕਿ ਹਰਮੀਤ ਸਿੰਘ ਦੇ ਫੇਸਬੁੱਕ ਪ੍ਰੋਫਾਈਲ 'ਤੇ ਅਪਲੋਡ ਕੀਤਾ ਗਿਆ 5 ਪੰਨਿਆਂ ਦਾ ਪੱਤਰ ਅਸਲ ਵਿੱਚ ਹਰਮੀਤ ਸਿੰਘ ਦਾ ਇਕਬਾਲੀਆ ਬਿਆਨ ਤੇ ਸੁਸਾਈਡ ਨੋਟ ਹੈ ਜਾਂ ਪੁਲਿਸ ਦੀ ਜਾਂਚ ਨੂੰ ਕਿਸੇ ਹੋਰ ਪਾਸੇ ਮੋੜਨ ਦੀ ਕੋਈ ਨਵੀਂ ਚਾਲ ਹੈ। ਇਹ 5 ਪੰਨੇ ਹਰਮੀਤ ਸਿੰਘ ਦੇ ਫੇਸਬੁੱਕ ਪ੍ਰੋਫਾਈਲ 'ਤੇ ਸਨਿੱਚਰਵਾਰ ਸਵੇਰੇ 4:05 ਵਜੇ ਤੋਂ 4:11 ਵਜੇ ਤੱਕ ਅਪਲੋਡ ਕੀਤੇ ਗਏ ਸਨ। ਉਂਝ, ਹਰਮੀਤ ਸਿੰਘ ਦੇ ਪ੍ਰੋਫਾਈਲ 'ਤੇ ਬਹੁਤ ਘੱਟ ਪੋਸਟਾਂ ਹਨ।
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਹਰਪ੍ਰੀਤ ਅਤੇ ਹਰਮੀਤ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਹਰਮੀਤ ਦਾ ਫ਼ੋਨ ਸ਼ੁੱਕਰਵਾਰ ਤੜਕੇ 7 ਮਿੰਟ ਲਈ ਚਾਲੂ ਰਿਹਾ ਅਤੇ ਫਿਰ ਬੰਦ ਹੋ ਗਿਆ। ਜਦੋਂ ਤਕਨੀਕੀ ਨਿਗਰਾਨੀ ਦੀ ਮਦਦ ਲਈ ਗਈ, ਉਸ ਦੀ ਲੋਕੇਸ਼ਨ ਜੰਮੂ ਪਾਈ ਗਈ। ਪਰ ਫਿਰ ਜਦੋਂ ਹਰਮੀਤ ਸਿੰਘ ਦੇ ਫੇਸਬੁੱਕ ਪ੍ਰੋਫਾਈਲ ਨੂੰ ਦੇਖਿਆ ਗਿਆ, ਇਸ 'ਤੇ 5 ਪੰਨੇ ਪੋਸਟ ਕੀਤੇ ਗਏ ਸਨ। ਜਿਸ ਵਿੱਚ 27 ਨੁਕਤੇ ਲਿਖੇ ਗਏ ਸਨ ਅਤੇ ਇਨ੍ਹਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਸਭ ਕੁਝ ਹਰਮੀਤ ਸਿੰਘ ਦੁਆਰਾ ਲਿਖਿਆ ਗਿਆ ਸੀ ਤੇ ਹਰਮੀਤ ਸਿੰਘ ਨੇ ਤ੍ਰਿਲੋਚਨ ਸਿੰਘ ਵਜ਼ੀਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ।
ਕੀ ਲਿਖਿਆ ਹੈ ਫੇਸਬੁੱਕ ਪੋਸਟ ’ਤੇ?
ਇਹ 5 ਪੰਨਿਆਂ ਦਾ ਇਕਬਾਲੀਆ ਬਿਆਨ ਇੱਕ ਸੁਸਾਈਡ–ਨੋਟ ਵੀ ਲੱਗ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਹਰਮੀਤ ਸਿੰਘ ਦਿੱਲੀ ’ਚ ਹਰਪ੍ਰੀਤ ਸਿੰਘ ਖਾਲਸਾ ਦੇ ਘਰ ਰਹਿ ਰਹੇ ਸਨ। ਤ੍ਰਿਲੋਚਨ ਸਿੰਘ ਵਜ਼ੀਰ ਕੈਨੇਡਾ ਜਾਣ ਦੀ ਤਾਰੀਖ ਤੋਂ ਇੱਕ ਦਿਨ ਪਹਿਲਾਂ ਹਰਪ੍ਰੀਤ ਕੋਲ ਆਏ ਸਨ। ਹਰਪ੍ਰੀਤ ਨੇ ਹਰਮੀਤ ਸਿੰਘ ਨੂੰ ਕਿਹਾ ਕਿ ਤੁਸੀਂ ਹੋਟਲ ਚਲੇ ਜਾਓ, ਵਜ਼ੀਰ ਤੁਹਾਨੂੰ ਦੇਖ ਕੇ ਗੁੱਸੇ ਹੋ ਜਾਣਗੇ।
ਹਰਮੀਤ ਸਿੰਘ ਹੋਟਲ ਗਿਆ। ਕੁਝ ਸਮੇਂ ਬਾਅਦ ਹਰਪ੍ਰੀਤ ਦੇ ਘਰ ਗਿਆ। ਜਾਲੀਦਾਰ ਦਰਵਾਜ਼ਾ ਬੰਦ ਸੀ ਪਰ ਬਾਹਰਲਾ ਗੇਟ ਖੁੱਲਾ ਸੀ। ਦੋਵਾਂ ਦੇ ਗੱਲਾਂ ਕਰਨ ਦੀ ਆਵਾਜ਼ ਅੰਦਰੋਂ ਆ ਰਹੀ ਸੀ। ਵਜ਼ੀਰ ਹਰਪ੍ਰੀਤ ਨੂੰ ਦੱਸ ਰਿਹਾ ਸੀ ਕਿ ਹਰਮੀਤ ਨੂੰ ਮਾਰਨ ਲਈ 4 ਕਰੋੜ ਰੁਪਏ ਦੀ ਸੁਪਾਰੀ ਦਿੱਤੀ ਗਈ ਹੈ। ਜਦੋਂ ਤੱਕ ਮੈਂ ਕੈਨੇਡਾ ਤੋਂ ਵਾਪਸ ਆਵਾਂਗਾ, ਹਰਮੀਤ ਨੂੰ ਮਾਰ ਦਿੱਤਾ ਜਾਵੇਗਾ। ਫ਼ੇਰ ਮੇਰਾ ਸ਼ਹਿਰ ਉੱਤੇ ਪੂਰਾ ਰਾਜ ਹੋਵੇਗਾ। ਹਰਮੀਤ ਇਹ ਸੁਣ ਕੇ ਰੋਹ ’ਚ ਆ ਗਿਆ ਅਤੇ ਦਰਵਾਜ਼ਾ ਖੜਕਾਇਆ ਤੇ ਕਿਹਾ, ਦਰਵਾਜ਼ਾ ਖੋਲ੍ਹੋ, ਮੈਂ ਗੱਲ ਕਰਨੀ ਚਾਹੁੰਦਾ ਹਾਂ’। ਹਰਮੀਤ ਅੰਦਰ ਗਿਆ ਤੇ ਵਜ਼ੀਰ ਨੂੰ ਕਹਿਣ ਲੱਗਾ, ਤੁਹਾਡੇ ਨਾਲ ਮੇਰੀ ਕੀ ਦੁਸ਼ਮਣੀ ਹੈ। ਤੁਸੀਂ ਤਾਂ ਮੈਨੂੰ ਆਪਣਾ ਦੋਸਤ ਕਹਿੰਦੇ ਹੋ। ਫਿਰ ਦੋਵਾਂ ਵਿਚਾਲੇ ਬਹਿਸ ਹੋਣ ਲੱਗੀ।
ਹਰਪ੍ਰੀਤ ਨੇ ਮੈਨੂੰ ਸ਼ਾਂਤ ਕੀਤਾ। ਫਿਰ ਉਹ ਕੋਲਡ ਡ੍ਰਿੰਕ ਲੈਣ ਲਈ ਬਾਹਰ ਚਲਾ ਗਿਆ। ਵਜ਼ੀਰ ਕਮਰੇ ਦੇ ਅੰਦਰ ਚਲਾ ਗਿਆ। ਮੈਨੂੰ ਗੁੱਸਾ ਆ ਰਿਹਾ ਸੀ। ਮੈਨੂੰ ਪਤਾ ਲੱਗਾ ਕਿ ਵਜ਼ੀਰ ਕੋਲ ਗੰਨ ਹੈ। ਮੈਂ ਉਸ ਦੇ ਪਿੱਛੇ ਗਿਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਜਦੋਂ ਹਰਪ੍ਰੀਤ ਆਇਆ ਤਾਂ ਇਹ ਸਭ ਵੇਖ ਕੇ ਡਰ ਗਿਆ ਅਤੇ ਰੋਣਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਗੰਨ ਨਾਲ ਡਰਾਇਆ ਅਤੇ ਉਸ ਨੂੰ ਚੁੱਪ ਰਹਿਣ ਲਈ ਕਿਹਾ। ਹਰਪ੍ਰੀਤ ਨੂੰ ਏਅਰਪੋਰਟ ਭੇਜਿਆ, ਵਜ਼ੀਰ ਦਾ ਮੋਬਾਈਲ ਲੈ ਕੇ ਕਿਹਾ ਕਿ ਜੇਕਰ ਵਜ਼ੀਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਕਾਲ ਆਉਂਦੀ ਹੈ, ਤਾਂ ਕਹੋ ਕਿ ਵਜ਼ੀਰ ਨੇ ਫਲਾਈਟ ਫੜੀ ਹੈ ਪਰ ਫ਼ੋਨ ਭੁੱਲ ਗਿਆ ਹੈ। ਮੈਂ ਹਰਪ੍ਰੀਤ ਨੂੰ ਕਿਹਾ ਕਿ ਮੈਨੂੰ ਕੁਝ ਪੈਸੇ ਦੇ, ਮੈਂ ਸਭ ਕੁਝ ਨਿਪਟਾ ਲਵਾਂਗਾ। ਉਸ ਨੇ ਆਪਣਾ ਸਾਮਾਨ ਵੇਚ ਕੇ ਪੈਸੇ ਦਿੱਤੇ। ਮੈਂ ਜੰਮੂ ਆ ਗਿਆ। ਫਿਰ ਉਸ ਨੇ ਮੇਰੀ ਵਾਪਸੀ ਲਈ ਹਵਾਈ ਟਿਕਟ ਲਈ। ਮੈਂ ਵਾਪਸ ਦਿੱਲੀ ਆ ਗਿਆ।
ਮੈਂ ਹਰਪ੍ਰੀਤ ਨੂੰ ਕਿਹਾ ਕਿ ਹੁਣ ਮੈਂ ਪੁਲਿਸ ਅੱਗੇ ਸਮਰਪਣ ਕਰ ਦਿੰਦਾ ਹਾਂ। ਅਸੀਂ ਦੋਵੇਂ ਪਹਿਲਾਂ ਗੁਰਦੁਆਰਾ ਸਾਹਿਬ ਗਏ। ਉਥੇ ਅਰਦਾਸ ਕਰਨ ਤੋਂ ਬਾਅਦ, ਉਹ ਬਾਹਰ ਆਇਆ। ਮੈਂ ਹਰਪ੍ਰੀਤ ਨੂੰ ਕਿਹਾ ਮੈਨੂੰ ਭੁੱਖ ਲੱਗੀ ਹੈ। ਫਿਰ ਅਸੀਂ ਰਾਤ ਦਾ ਖਾਣਾ ਖਾਧਾ। ਅਸੀਂ ਰਾਤ ਦੇ ਖਾਣੇ ਤੋਂ ਬਾਅਦ ਪੁਲਿਸ ਸਟੇਸ਼ਨ ਜਾ ਰਹੇ ਸੀ ਜਦੋਂ ਸਾਨੂੰ ਸਾਡੇ ਫੋਨ ਤੇ ਪੁਲਿਸ ਦਾ ਫੋਨ ਆਇਆ। ਅਸੀਂ ਡਰ ਗਏ। ਮੈਂ ਹਰਪ੍ਰੀਤ ਨੂੰ ਇੱਥੋਂ ਭੱਜ ਜਾਣ ਲਈ ਕਿਹਾ। ਅਸੀਂ ਦੋਵੇਂ ਪੰਜਾਬ ਆ ਗਏ। ਹਰਪ੍ਰੀਤ ਨੇ ਕਿਹਾ ਮਰ ਤਾਂ ਮੈਂ ਜਾਵਾਂਗਾ ਹੀ, ਤੁਸੀਂ ਮੈਨੂੰ ਮਾਰ ਦੇਵੋ।
ਇਸ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਹਰਪ੍ਰੀਤ ਬੇਕਸੂਰ ਹੈ। ਮੈਂ ਕਤਲ ਲਈ ਜ਼ਿੰਮੇਵਾਰ ਹਾਂ। ਮੈਂ ਖੁਦਕੁਸ਼ੀ ਕਰ ਰਿਹਾ ਹਾਂ। ਆਪਣੇ ਪਰਿਵਾਰ ਤੇ ਬੇਟੇ ਨੂੰ ਸੰਬੋਧਿਤ ਕਰਦੇ ਹੋਏ, ਉਸ ਨੇ ਦੇਖਭਾਲ ਕਰਨ ਲਈ ਕਿਹਾ ਹੈ। ਪੱਤਰ ਦੇ ਅੰਤ ਵਿੱਚ, ਹਰਮੀਤ ਸਿੰਘ, ਜੰਮੂ ਦਾ ਪਤਾ ਲਿਖਿਆ ਗਿਆ ਹੈ ਤੇ ਦੋ ਅੰਗੂਠੇ ਦੇ ਨਿਸ਼ਾਨ ਦਿੱਤੇ ਗਏ ਹਨ।