ਨਵੀਂ ਦਿੱਲੀ: ਭਾਰਤ ਸਰਕਾਰ ਤੋਂ ਅਜੇ ਵਿਜੇ ਮਾਲਿਆ ਤੇ ਲਲਿਤ ਮੋਦੀ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਿਆ ਪਰ ਹੁਣ ਪੰਜਾਬ ਨੈਸ਼ਨਲ ਬੈਂਕ ਨੂੰ 13,000 ਕਰੋੜ ਦਾ ਚੂਨਾ ਲਾ ਭੱਜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵੀ ਉਸ ਦੇ ਵਕੀਲ ਨੇ ਲੰਦਨ 'ਚ ਸ਼ਰਨ ਲੈਣ ਦੀ ਸਲਾਹ ਦਿੱਤੀ ਹੈ। ਨੀਰਵ ਮੋਦੀ ਦੀ ਵੀ ਲੰਦਨ 'ਚ ਜਾਇਦਾਦ ਹੈ।


 

ਖ਼ਬਰ ਹੈ ਕਿ ਨੀਰਵ ਮੋਦੀ ਦੇ ਕਾਰੋਬਾਰੀ ਹਿੱਸੇਦਾਰ ਮੇਹੁਲ ਚੌਕਸੀ ਨੇ ਤਿੰਨ ਮਈ ਨੂੰ ਅਮਰੀਕਾ 'ਚ ਸ਼ਰਨ ਮੰਗੀ ਹੈ। ਜਾਂਚ ਏਜੰਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੇਹੁਲ ਨਿਊਯਾਰਕ ਦੇ ਬ੍ਰੋਕਸ ਇਲਾਕੇ 'ਚ ਨੀਨਾ ਸੇਠ ਤੇ ਗੀਤਾ ਚੌਕਸੀ ਦੇ ਘਰ ਰਹਿ ਰਿਹਾ ਹੈ।

ਜਦਕਿ ਨੀਰਵ ਮੋਦੀ ਫਿਲਹਾਲ ਸਿੰਘਾਪੁਰ ਦੇ ਪਾਸਪੋਰਟ 'ਤੇ ਲੰਦਨ 'ਚ ਹੈ ਤੇ ਉਸ ਦਾ ਭਾਈ ਨਿਸ਼ਾਲ ਮੋਦੀ ਬੈਲਜ਼ੀਅਮ ਦੇ ਪਾਸਪੋਰਟ ਤੇ ਏਂਟਵਰਪ 'ਚ ਰਹਿ ਰਿਹਾ ਹੈ। ਨੀਰਵ ਦੀ ਭੈਣ ਪੁਰਵੀ ਮਹਿਤਾ ਇਸ ਸਮੇਂ ਬੈਲਜ਼ੀਅਮ ਪਾਸਪੋਰਟ 'ਤੇ ਹਾਂਗਕਾਂਗ 'ਚ ਹੋ ਸਕਦੀ ਹੈ। ਸੂਤਰਾਂ ਅਨੁਸਾਰ ਪੂਰਵੀ ਦੇ ਪਤੀ ਮਿਅੰਕ ਮਹਿਤਾ ਕੋਲ ਬ੍ਰਿਟਿਸ਼ ਪਾਸਪੋਰਟ ਹੈ ਤੇ ਉਹ ਹਾਂਗਕਾਂਗ ਤੇ ਨਿਊਯਾਰਕ 'ਚ ਘੁੰਮ ਰਿਹਾ ਹੈ।

ਇੱਥੇ ਦੱਸ ਦਈਏ ਕਿ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਦੇ 13,000 ਕਰੋੜ ਦੇ ਘੁਟਾਲੇ ਤੋਂ ਬਾਅਦ ਭਾਰਤ ਛੱਡ ਕੇ ਫਰਾਰ ਹੋ ਗਿਆ।