ਨਵੀਂ ਦਿੱਲੀ: ਕੋਰੋਨਾ ਟੀਕਾਕਰਨ ਨੂੰ ਲੈ ਕੇ ਕੇਂਦਰ ਸਰਕਾਰ ਤਿਆਰੀਆਂ ’ਚ ਰੁੱਝੀ ਹੋਈ ਹੈ। ਦੇਸ਼ ’ਚ ਕੋਰੋਨਾ ਵੈਕਸੀਨ ਦੀ ਪ੍ਰਕਿਰਿਆ ਆਉਂਦੀ 16 ਜਨਵਰੀ ਤੋਂ ਸ਼ੁਰੂ ਹੋਵੇਗੀ, ਜਿਸ ਲਈ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਕੇਂਦਰ ਸਰਕਾਰ ਨੇ ਕੋਰੋਨਾ ਵੈਕਸੀਨ ਲਈ ਆਧਾਰ ਕਾਰਡ ਤੋਂ ਮੋਬਾਈਲ ਨੰਬਰ ਨੂੰ ਜੋੜਨਾ ਲਾਜ਼ਮੀ ਕਰ ਦਿੱਤਾ ਹੈ; ਜਦੋਂ ਤੱਕ ਇਹ ਦੋਵੇਂ ਆਪਸ ’ਚ ਜੁੜਨਗੇ ਨਹੀਂ, ਤਦ ਤੱਕ ਇਹ ਵੈਕਸੀਨ ਨਹੀਂ ਦਿੱਤੀ ਜਾ ਸਕੇਗੀ।


ਭਾਰਤ ਸਰਕਾਰ ਇੱਕ ਨੋਟੀਫ਼ਿਕੇਸ਼ਨ ਰਾਹੀਂ ਸਾਰੇ ਰਾਜਾਂ ਨੂੰ ਇਹ ਹਦਾਇਤ ਜਾਰੀ ਕਰ ਚੁੱਕੀ ਹੈ। ਟੀਕਾਕਰਣ ਲਈ ਐਸਐਮਐਸ ਤਦ ਹੀ ਭੇਜਿਆ ਜਾਵੇਗਾ, ਜਦੋਂ ਮੋਬਾਇਲ ਫ਼ੋਨ ਨੰਬਰ ਆਧਾਰ ਕਾਰਡ ਨਾਲ ਜੁੜਿਆ ਹੋਵੇਗਾ। ਜੇ ਇਹ ਦੋਵੇਂ ਆਪਸ ’ਚ ਲਿੰਕ ਨਹੀਂ ਹਨ, ਤਾਂ ਨੇੜਲੀ ਮੋਬਾਈਲ ਨੰਬਰ ਪ੍ਰੋਵਾਈਡਰ ਕੰਪਨੀ, ਜੋ ਪੁਆਇੰਟ ਆਫ਼ ਸੇਲ ਆਥੋਰਾਈਜ਼ਡ ਹੋਵੇ, ਉਸ ਸਟੋਰ ’ਤੇ ਜਾ ਕੇ ਆਧਾਰ ਨੂੰ ਮੋਬਾਈਲ ਨੰਬਰ ਨਾਲ ਲਿੰਕ ਕੀਤਾ ਜਾ ਸਕਦਾ ਹੈ।

ਕੇਂਦਰ ਸਰਕਾਰ ਨੇ ਕੋਰੋਨਾ ਵੈਕਸੀਨੇਸ਼ਨ ਨਾਲ ਸਬੰਧਤ ਜਾਣਕਾਰੀਆਂ ਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕੋਵਿਨ (Co-Win) ਐਪ ਲਾਂਚ ਕੀਤੀ ਹੈ; ਪਰ ਇਹ ਐਪ ਹਾਲੇ ਪਲੇਅ ਸਟੋਰ ਉੱਤੇ ਉਪਲਬਧ ਨਹੀਂ ਹੈ।