ਜਲੰਧਰ: 2019 ਦੀਆਂ ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ M3 ਸ਼੍ਰੇਣੀ ਦੀਆਂ ਨਵੀਆਂ EVM ਤਿਆਰ ਕਰਾਈਆਂ ਹਨ ਜਿਨ੍ਹਾਂ ਵਿੱਚ ਟੈਂਪਰਿੰਗ ਡਿਟੈਕਸ਼ਨ ਦਾ ਫੀਚਰ ਦਿੱਤਾ ਗਿਆ ਹੈ। ਯਾਨੀ ਈਵੀਐਮ ਨਾਲ ਹਲਕੀ ਜਿਹੀ ਵੀ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ ਤਾਂ ਮਸ਼ੀਨ ਚੱਲਣੀ ਬੰਦ ਹੋ ਜਾਏਗੀ। ਦੁਬਾਰਾ ਚਲਾਉਣ ਨਾਲ ਇਸ ਦੀ ਸਕਰੀਨ ’ਤੇ ‘ਚੈਂਪਰ ਡਿਟੈਕਟ’ ਦਾ ਮੈਸੇਜ ਲਿਖਿਆ ਆ ਜਾਏਗਾ।

ਐਮ3 ਕੈਟੇਗਰੀ ਦੀਆਂ ਕਰੀਬ 2400 ਮਸ਼ੀਨਾਂ ਟੈਸਟਿੰਗ ਲਈ ਜਲੰਧਰ ਭੇਜੀਆਂ ਗਈਆਂ ਹਨ। ਸਟੇਟ ਪਟਵਾਰ ਸਕੂਲ ਵਿੱਚ ਇਨ੍ਹਾਂ ਦੀ ਪਹਿਲੇ ਪੱਧਰ ਦੀ ਟੈਸਟਿੰਗ ਚੱਲ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਰੋਜ਼ਾਨਾ ਇਨ੍ਹਾਂ ਦੀ ਨਿਗਰਾਨੀ ਕਰ ਰਿਹਾ ਹੈ। ਜ਼ਿਲ੍ਹਾ ਚੋਣ ਅਧਿਕਾਰੀ ਵਰਿਦੰਰ ਕੁਮਾਰ ਸ਼ਰਮਾ ਨੇ ਮਸ਼ੀਨਾਂ ਦੀ ਚੈਕਿੰਗ ਲਈ ਕਈ ਅਫਸਰਾਂ ਦੀ ਡਿਊਟੀ ਲਾਈ ਹੈ।

ਜਾਣਕਾਰੀ ਮੁਤਾਬਕ ਨਵੀਆਂ ਮਸ਼ੀਨਾਂ ਵਿੱਚ ਡਾਇਗਨੌਸਟਿਕ ਫੀਚਰ ਲੱਗਾ ਹੈ। ਯਾਨੀ ਮਸ਼ੀਨ ਵਿੱਚ ਕੋਈ ਵੀ ਗੜਬੜੀ ਹੋਈ ਤਾਂ ਇਸ ਦੀ ਸਕਰੀਨ ’ਤੇ ਤੁਰੰਕ ਸੰਦੇਸ਼ ਆ ਜਾਏਗਾ। ਇਸ ਦਾ ਟਾਈਮਰ ਮੈਨੂਅਲੀ ਸੈੱਟ ਨਹੀਂ ਕੀਤਾ ਜਾ ਸਕਦਾ, ਜਿਸ ਨਾਲ ਵੋਟਿੰਗ ਦਾ ਬਿਲਕੁਲ ਸਹੀ ਸਮਾਂ ਪਤਾ ਕੀਤਾ ਜਾ ਸਕੇਗਾ।

ਇੱਕ ਵਾਰ ਪੋਲਿੰਗ ਬੰਦ ਕਰ ਦਿੱਤੀ ਗਈ ਤਾਂ ਦੁਬਾਰਾ ਵੋਟਿੰਗ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਤੈਅ ਸਮੇਂ ਤਕ ਇਸਤੇਮਾਲ ਨਾ ਕੀਤੇ ਜਾਣ ’ਤੇ ਮਸ਼ੀਨ ਪਾਵਰ ਸੇਵਿੰਗ ਮੋਡ ਵਿੱਚ ਚਲੀ ਜਾਏਗੀ।