ਮੁੰਬਈ: ਸਭ ਗਿਣਤੀਆਂ-ਮਿਣਤੀਆਂ ਦੇ ਬਾਵਜੂਦ ਬੀਜੇਪੀ ਤੋਂ ਮਾਹਰਾਸ਼ਟਰ ਖੁੱਸ ਗਿਆ ਹੈ। ਸ਼ਿਵ ਸੈਨਾ ਮੁਖੀ ਊਧਵ ਠਾਕਰੇ ਅੱਜ ਸ਼ਾਮ ਸ਼ਿਵਾਜੀ ਪਾਰਕ ਵਿੱਚ ਕਰਵਾਏ ਜਾਣ ਵਾਲੇ ਜਨਤਕ ਸਮਾਗਮ ਦੌਰਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਸੂਬੇ ’ਚ 20 ਸਾਲ ਬਾਅਦ ਪਾਰਟੀ ਕੋਲ ਇਹ ਅਹੁਦਾ ਹੋਵੇਗਾ। ਸ਼ਿਵ ਸੈਨਾ ਦੇ ਆਖਰੀ ਮੁੱਖ ਮੰਤਰੀ ਨਾਰਾਇਣ ਰਾਣੇ ਸਨ ਜਿਨ੍ਹਾਂ ਮਨੋਹਰ ਜੋਸ਼ੀ ਦੇ ਅਹੁਦੇ ਤੋਂ ਹਟਣ ਮਗਰੋਂ 1999 ’ਚ ਇਹ ਅਹੁਦਾ ਸੰਭਾਲਿਆ ਸੀ।

ਸ਼ਿਵ ਸੈਨਾ ਨੇ ਬੀਜੇਪੀ ਦਾ ਸਾਥ ਛੱਡ ਕੇ ਕਾਂਗਰਸ ਤੇ ਐਨਸੀਪੀ ਨਾਲ ਹੱਥ ਮਿਲਾ ਕੇ ਸਰਕਾਰ ਬਣਾਈ ਹੈ। ਨਵੀਂ ਸਰਕਾਰ ਵਿੱਚ ਐਨਸੀਪੀ ਦਾ ਉਪ ਮੁੱਖ ਮੰਤਰੀ ਹੋਵੇਗਾ। ਵਿਧਾਨ ਸਭਾ ਦਾ ਸਪੀਕਰ ਕਾਂਗਰਸ ਪਾਰਟੀ ਦਾ ਹੋਵੇਗਾ। ਹਾਸਲ ਜਾਣਕਾਰੀ ਅਨੁਸਾਰ ਊਧਵ ਠਾਕਰੇ (59) ਉਸੇ ਸ਼ਿਵਾਜੀ ਪਾਰਕ ’ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ ਜਿੱਥੇ ਉਨ੍ਹਾਂ ਦੇ ਪਿਤਾ ਤੇ ਸ਼ਿਵ ਸੈਨਾ ਦੇ ਬਾਨੀ ਬਾਲ ਠਾਕਰੇ ਮਸ਼ਹੂਰ ਦਸਹਿਰਾ ਰੈਲੀਆਂ ਨੂੰ ਸੰਬੋਧਨ ਕਰਦੇ ਸਨ।

ਸ਼ਿਵ ਸੈਨਿਕਾਂ ਦੀ ਸ਼ਿਵਾਜੀ ਪਾਰਕ ਨਾਲ ਜਜ਼ਬਾਤੀ ਸਾਂਝ ਹੈ ਕਿਉਂਕਿ ਬਾਲ ਠਾਕਰੇ ਦਾ ਸਸਕਾਰ ਵੀ ਇਸੇ ਪਾਰਕ ਦੀ ਇੱਕ ਨੁੱਕਰ ’ਚ ਹੋਇਆ ਸੀ ਤੇ ਸ਼ਿਵ ਸੈਨਿਕ ਇਸ ਥਾਂ ਨੂੰ ‘ਸ਼ਿਵਤੀਰਥ’ ਕਹਿੰਦੇ ਹਨ। ਸਹੁੰ ਚੁੱਕ ਸਮਾਗਮ ਲਈ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।