ਨਵੀਂ ਦਿੱਲੀ-ਸਰਕਾਰ ਜਲਦ ਦੇਸ਼ ਦੇ ਸਕੂਲਾਂ 'ਚ ਵਿਦਿਆਰਥਣਾਂ ਲਈ ਮੁਫ਼ਤ ਤੇ ਹਰ ਘਰ 'ਚ ਔਰਤਾਂ ਨੂੰ ਸਸਤੀਆਂ ਦਰਾਂ 'ਤੇ ਸੈਨੇਟਰੀ ਨੈਪਕਿਨ ਉਪਲਬਧ ਕਰਾਉਣ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ।
ਇਸ ਲਈ ਤਿੰਨ ਮੰਤਰਾਲਿਆਂ ਦੀ ਉੱਚ ਪੱਧਰੀ ਟੀਮ ਦਾ ਗਠਨ ਵੀ ਕੀਤਾ ਗਿਆ ਹੈ। ਕੇਂਦਰੀ ਸਵੱਛਤਾ ਤੇ ਜਲ ਮੰਤਰੀ ਉਮਾ ਭਾਰਤੀ ਨੇ ਇੱਥੇ ਇਕ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਇਹ ਟੀਮ ਸਰਕਾਰ ਦੇ ਤਿੰਨ ਮੰਤਰਾਲਿਆਂ ਨੂੰ ਮਿਲਾ ਕੇ ਗਠਿਤ ਕੀਤੀ ਗਈ ਹੈ | ਜਿਸ 'ਚ ਉਨ੍ਹਾਂ ਦੇ ਮੰਤਰਾਲੇ ਤੋਂ ਇਲਾਵਾ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਤੇ ਕੱਪੜਾ ਮੰਤਰਾਲੇ ਦੇ ਵਿਸ਼ੇਸ਼ ਅਧਿਕਾਰੀ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਇਹ ਟੀਮ ਜਲਦ ਹੀ ਆਪਣੀਆਂ ਸਿਫ਼ਾਰਸ਼ਾਂ ਦੇਵੇਗੀ | ਭਾਰਤੀ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਹਰ ਘਰ 'ਚ ਸਸਤੇ ਤੋਂ ਸਸਤਾ ਤੇ ਸਕੂਲ 'ਚ ਮੁਫ਼ਤ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਉਣ 'ਤੇ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਚਾਇਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਗ੍ਰਾਟਾਂ ਦਾ ਕੁਝ ਹਿੱਸਾ ਔਰਤਾਂ ਨੂੰ ਨੈਪਕਿਨ ਮੁਹੱਈਆ ਕਰਵਾਉਣ 'ਤੇ ਖਰਚ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਖਾਸ ਕਰਕੇ ਪੇਂਡੂ ਇਲਾਕੇ ਦੀਆਂ ਵਿਦਿਆਰਥਣਾਂ 'ਚ ਮਾਹਵਾਰੀ 'ਚ ਗੰਦਗੀ ਦੌਰਾਨ ਕਈ ਬਿਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਹੂਲਤ ਦੇਣ ਲਈ ਸਰਕਾਰ ਕੰਮ ਕਰ ਰਹੀ ਹੈ |