ਇਸਲਾਮਾਬਾਦ-ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਸੈਨਿਕਾਂ ਨੇ ਕੰਟਰੋਲ ਰੇਖਾ (ਐਲ. ਓ. ਸੀ.) 'ਤੇ ਤੱਤਾ ਪਾਣੀ ਸੈਕਟਰ 'ਚ ਇਕ ਭਾਰਤੀ ਚੌਕੀ ਨੂੰ ਨਸ਼ਟ ਕਰ ਦਿੱਤਾ ਅਤੇ ਪੰਜ ਸੈਨਿਕਾਂ ਨੂੰ ਮਾਰ ਦਿੱਤਾ। ਪਾਕਿਸਤਾਨੀ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗ਼ਫ਼ੂਰ ਨੇ ਵੀਰਵਾਰ ਦੇਰ ਰਾਤ ਟਵੀਟ ਕਰ ਕੇ ਇਕ ਵੀਡੀਓ ਕਲਿੱਪ ਸਾਂਝੀ ਕੀਤੀ।

ਵੀਡੀਓ 'ਚ ਕਥਿਤ ਤੌਰ 'ਤੇ ਭਾਰਤੀ ਸਰਹੱਦੀ ਚੌਕੀ 'ਤੇ ਹਮਲਾ ਹੁੰਦੇ ਹੋਏ ਅਤੇ ਘਟਨਾ ਸਥਾਨ ਤੋਂ ਧੂੰਆਂ ਉੱਠਦੇ ਦਿਖਾਈ ਦੇ ਰਿਹਾ ਹੈ | ਗ਼ਫ਼ੂਰ ਨੇ ਟਵੀਟ ਕੀਤਾ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਤੱਤਾ ਪਾਣੀ ਸੈਕਟਰ 'ਚ ਕੰਟਰੋਲ ਰੇਖਾ 'ਤੇ ਸਥਿਤ ਭਾਰਤੀ ਸਰਹੱਦੀ ਚੌਕੀ ਨੂੰ ਪਾਕਿਸਤਾਨ ਨੇ ਨਸ਼ਟ ਕਰ ਦਿੱਤਾ। ਪੰਜ ਜਵਾਨਾਂ ਨੂੰ ਮਾਰ ਦਿੱਤਾ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ। ਨਿਰਦੋਸ਼ ਨਾਗਰਿਕਾਂ ਖ਼ਿਲਾਫ਼ ਭਾਰਤੀ ਅੱਤਵਾਦ ਨੂੰ ਸਖ਼ਤੀ ਨਾਲ ਜਵਾਬ ਦਿੱਤਾ ਗਿਆ। ਹਾਲਾਂਕਿ ਨਵੀਂ ਦਿੱਲੀ 'ਚ ਭਾਰਤੀ ਸੈਨਾ ਦੇ ਇਕ ਅਧਿਕਾਰੀ ਨੇ ਪਾਕਿਸਤਾਨੀ ਸੈਨਾ ਦੇ ਦਾਅਵੇ ਨੂੰ ਨਿਰਾਧਾਰ ਦੱਸਿਆ ਹੈ।

ਇਸ ਤੋਂ ਪਹਿਲਾਂ ਪਾਕਿਸਤਾਨੀ ਸੈਨਾ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਸੀ ਕਿ ਭਾਰਤ ਦਾ ਅਨੈਤਿਕ ਅਤੇ ਗ਼ੈਰ ਪੇਸ਼ੇਵਰ ਰੁਖ਼ ਕੰਟਰੋਲ ਰੇਖਾ 'ਤੇ ਨਾਗਰਿਕਾਂ ਨੂੰ ਡਰਾ ਰਿਹਾ ਹੈ। ਪਾਕਿਸਤਾਨ ਨੇ ਵੀਰਵਾਰ ਨੂੰ ਭਾਰਤੀ ਡਿਪਟੀ ਹਾਈ ਕਮਿਸ਼ਨਰ ਜੇ. ਪੀ. ਸਿੰਘ ਨੂੰ ਤਲਬ ਕਰਦੇ ਹੋਏ ਕੰਟਰੋਲ ਰੇਖਾ 'ਤੇ ਭਾਰਤੀ ਸੈਨਾ ਵਲੋਂ ਬਿਨਾਂ ਭੜਕਾਹਟ ਕੀਤੀ ਗੋਲੀਬਾਰੀ ਦੀ ਨਿੰਦਾ ਕੀਤੀ ਸੀ।


ਜਿਸ ਵਿਚ ਕਥਿਤ ਤੌਰ 'ਤੇ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਬੱਸ ਦੇ ਚਾਲਕ ਦੀ ਮੌਤ ਹੋਈ ਸੀ। ਪਾਕਿਸਤਾਨ ਨੇ ਦੋਸ਼ ਲਾਇਆ ਕਿ ਭਾਰਤੀ ਸੁਰੱਖਿਆ ਬਲ ਨੇ ਜਾਣ ਬੁੱਝ ਕੇ ਬਤਾਲ-ਮਾਧਵਪੁਰ ਰੋਡ 'ਤੇ ਬੱਚਿਆਂ ਦੀ ਇਕ ਸਕੂਲੀ ਬੱਸ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਵਾਹਨ ਦੇ ਚਾਲਕ ਦੀ ਮੌਤ ਹੋ ਗਈ ਅਤੇ ਬੱਚਿਆਂ 'ਚ ਖ਼ੌਫ਼ ਫੈਲ ਗਿਆ।