NIA Raids: ਖਾਲਿਸਤਾਨੀ-ਗੈਂਗਸਟਰਾਂ ਦੇ ਨੈੱਟਵਰਕ 'ਤੇ NIA ਦੀ ਵੱਡੀ ਕਾਰਵਾਈ, 7 ਸੂਬਿਆਂ 'ਚ 53 ਥਾਵਾਂ 'ਤੇ ਛਾਪੇਮਾਰੀ, ਕਈ ਸ਼ੱਕੀ ਹਿਰਾਸਤ 'ਚ, ਅਸਲਾ ਵੀ ਬਰਾਮਦ
NIA Raids: ਇਹ ਖਾਲਿਸਤਾਨ ਪੱਖੀ ਜਥੇਬੰਦੀਆਂ ਟਾਰਗੇਟ ਕਿਲਿੰਗ, ਡਰੱਗਜ਼-ਹਥਿਆਰਾਂ ਦੀ ਤਸਕਰੀ, ਹਵਾਲਾ ਤੇ ਫਿਰੌਤੀ ਰਾਹੀਂ ਫੰਡ ਇਕੱਠਾ ਕਰਨ ਵਿੱਚ ਰੁੱਝੀਆਂ ਹੋਈਆਂ ਹਨ।
NIA Raids : ਦੇਸ਼ 'ਚ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਨੂੰ ਨਸ਼ਟ ਕਰਨ ਲਈ ਰਾਸ਼ਟਰੀ ਜਾਂਚ ਏਜੰਸੀ (NIA) ਨੇ ਬੁੱਧਵਾਰ (27 ਸਤੰਬਰ) ਨੂੰ ਦੇਸ਼ ਦੇ 7 ਸੂਬਿਆਂ 'ਚ ਛਾਪੇਮਾਰੀ ਕੀਤੀ। ਐਨਆਈਏ ਵੱਲੋਂ ਕੀਤੀ ਗਈ ਇਸ ਛਾਪੇਮਾਰੀ ਵਿੱਚ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਵੇਰ ਤੋਂ ਸ਼ੁਰੂ ਹੋਏ ਇਸ ਛਾਪੇਮਾਰੀ 'ਚ NIA ਨੇ 53 ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ 'ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ।
ਕੈਨੇਡਾ 'ਚ ਮੌਜੂਦ ਖਾਲਿਸਤਾਨ ਪੱਖੀ ਅੱਤਵਾਦੀਆਂ ਅਰਸ਼ ਡੱਲਾ, ਲਾਰੈਂਸ ਬਿਸ਼ਨੋਈ ਅਤੇ ਸੁੱਖਾ ਦੁਨਾਕੇ ਵਰਗੇ ਵੱਡੇ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। NIA ਨੇ ਘੋਸ਼ਿਤ ਅੱਤਵਾਦੀ ਅਰਸ਼ ਡੱਲਾ ਤੇ ਕਈ ਬਦਨਾਮ ਗੈਂਗਸਟਰਾਂ ਨਾਲ ਜੁੜੇ ਅੱਤਵਾਦੀਆਂ-ਗੈਂਗਸਟਰਾਂ-ਨਸ਼ਾ ਸਮੱਗਲਰਾਂ ਦੇ ਗਠਜੋੜ 'ਤੇ ਕਈ ਰਾਜਾਂ ਵਿੱਚ ਵੱਡੇ ਪੱਧਰ 'ਤੇ ਕੀਤੀ ਕਾਰਵਾਈ ਦੌਰਾਨ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ।
ਭਾਰੀ ਮਾਤਰਾ 'ਚ ਗੋਲਾ ਬਾਰੂਦ ਬਰਾਮਦ
ਛੇ ਸੂਬਿਆਂ ਪੰਜਾਬ, ਦਿੱਲੀ, ਹਰਿਆਣਾ, ਯੂਪੀ, ਰਾਜਸਥਾਨ, ਉੱਤਰਾਖੰਡ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਮਾਰੇ ਗਏ ਛਾਪਿਆਂ ਦੌਰਾਨ ਪਿਸਤੌਲ, ਗੋਲਾ ਬਾਰੂਦ, ਵੱਡੀ ਮਾਤਰਾ ਵਿੱਚ ਡਿਜੀਟਲ ਸਬੂਤ ਅਤੇ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ ਸੀ। ਇਨ੍ਹਾਂ ਛਾਪਿਆਂ ਵਿੱਚ ਅਰਸ਼ ਡੱਲਾ ਤੋਂ ਇਲਾਵਾ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ, ਸੁੱਖਾ ਡੁਨੇਕੇ, ਹੈਰੀ ਮੌੜ, ਨਰਿੰਦਰ ਉਰਫ਼ ਲਾਲੀ, ਕਾਲਾ ਜਥੇੜੀ, ਦੀਪਕ ਟੀਨੂੰ ਆਦਿ ਐਨਆਈਏ ਦੀ ਜਾਂਚ ਦੇ ਘੇਰੇ ਵਿੱਚ ਸਨ।
ਸੱਤਵੀਂ ਵਾਰ ਕੀਤੀ ਗਈ ਛਾਪੇਮਾਰੀ
NIA ਨੇ ਅਗਸਤ 2022 ਵਿੱਚ 5 FIR ਦਰਜ ਕੀਤੀਆਂ ਸਨ। ਇਨ੍ਹਾਂ ਐਫਆਈਆਰਜ਼ ਵਿੱਚ ਇਹ ਸੱਤਵੀਂ ਵਾਰ ਹੈ ਜਦੋਂ ਐਨਆਈਏ ਨੇ ਛਾਪੇ ਮਾਰੇ ਹਨ, ਇਸ ਤੋਂ ਇਲਾਵਾ ਇਸ ਸਾਲ ਜੁਲਾਈ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਛਾਪੇ ਮਾਰੇ ਗਏ ਸਨ।
ਇਹ ਮਾਮਲੇ ਟਾਰਗੇਟ ਕਿਲਿੰਗ, ਖਾਲਿਸਤਾਨ ਸਮਰਥਕਾਂ ਨੂੰ ਅੱਤਵਾਦੀ ਫੰਡਿੰਗ, ਗੈਂਗਸਟਰਾਂ ਵੱਲੋਂ ਜਬਰੀ ਵਸੂਲੀ ਆਦਿ ਨਾਲ ਸਬੰਧਤ ਹਨ। ਇਨ੍ਹਾਂ ਮਾਮਲਿਆਂ ਵਿਚ ਨਾਮਜ਼ਦ ਕਈ ਗੈਂਗਸਟਰ ਅਤੇ ਅੱਤਵਾਦੀ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ ਜਾਂ ਪਾਕਿਸਤਾਨ, ਕੈਨੇਡਾ, ਮਲੇਸ਼ੀਆ, ਪੁਰਤਗਾਲ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਭਾਰਤ ਵਿਰੁੱਧ ਸਾਜ਼ਿਸ਼ ਰਚ ਰਹੇ ਹਨ।
ਪਾਕਿਸਤਾਨ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਤੋਂ ਵੀ ਚੱਲ ਰਿਹੈ ਨੈੱਟਵਰਕ
ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਨੂੰ ਖਤਮ ਕਰਨ ਦੇ ਉਦੇਸ਼ ਨਾਲ, ਅੱਜ ਦੀ ਛਾਪੇਮਾਰੀ ਵੱਖ-ਵੱਖ ਖਾਲਿਸਤਾਨੀ ਸੰਗਠਨਾਂ ਅਤੇ ਉਨ੍ਹਾਂ ਦੇ ਕਾਰਕੁਨਾਂ ਨਾਲ ਜੁੜੇ ਹਥਿਆਰਾਂ ਦੇ ਸਪਲਾਇਰਾਂ, ਫਾਈਨਾਂਸਰਾਂ ਅਤੇ ਲੌਜਿਸਟਿਕਸ ਪ੍ਰੋਵਾਈਡਰਾਂ 'ਤੇ ਕੇਂਦਰਿਤ ਹੈ। ਇਹ ਗਰੋਹ ਪਾਕਿਸਤਾਨ, ਯੂ.ਏ.ਈ., ਕੈਨੇਡਾ, ਪੁਰਤਗਾਲ ਅਤੇ ਹੋਰ ਦੇਸ਼ਾਂ ਵਿੱਚ ਸਥਿਤ ਨਸ਼ਾ ਤਸਕਰਾਂ ਅਤੇ ਅੱਤਵਾਦੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਜੇਲ੍ਹਾਂ ਵਿੱਚ ਬੈਠ ਕੇ ਸੰਗਠਿਤ ਤਰੀਕੇ ਨਾਲ ਭਾਰਤ ਖ਼ਿਲਾਫ਼ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਹੇ ਸਨ। ਮਿਸਾਲ ਵਜੋਂ ਪਿਛਲੇ ਸਾਲ ਪੰਜਾਬ ਵਿੱਚ ਮਹਾਰਾਸ਼ਟਰ ਦੇ ਬਿਲਡਰ ਸੰਜੇ ਬਿਆਨੀ, ਮਾਈਨਿੰਗ ਕਾਰੋਬਾਰੀ ਮਹਿਲ ਸਿੰਘ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ, ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ।
ਭਾਰਤ ਛੱਡ ਕੇ ਵਿਦੇਸ਼ ਭੱਜਣ ਵਾਲੇ ਗੈਂਗਸਟਰ ਉਥੋਂ ਹੀ ਕਰ ਰਹੇ ਆਪਰੇਸ਼ਨ
ਐਨਆਈਏ ਦੀ ਜਾਂਚ ਦੇ ਅਨੁਸਾਰ, ਬਹੁਤ ਸਾਰੇ ਵੱਡੇ ਗੈਂਗਸਟਰ ਜੋ ਪਹਿਲਾਂ ਭਾਰਤ ਵਿੱਚ ਗੈਂਗ ਚਲਾ ਰਹੇ ਸਨ, ਹਾਲ ਹੀ ਦੇ ਸਾਲਾਂ ਵਿੱਚ ਵਿਦੇਸ਼ ਭੱਜ ਗਏ ਹਨ ਅਤੇ ਹੁਣ ਉਥੋਂ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਗੈਂਗਸਟਰ ਤੋਂ ਅੱਤਵਾਦੀ ਬਣੇ ਇਹ ਅਪਰਾਧੀ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਅਪਰਾਧੀਆਂ ਨਾਲ ਸਮਝੌਤੇ ਕਰਕੇ ਕਤਲਾਂ ਸਮੇਤ ਹੋਰ ਗੰਭੀਰ ਅਪਰਾਧਾਂ ਦੀ ਸਾਜ਼ਿਸ਼ ਰਚਣ ਅਤੇ ਅੰਜਾਮ ਦੇਣ ਵਿੱਚ ਲੱਗੇ ਹੋਏ ਹਨ।