Chandigarh News: ਕਿਸਾਨਾਂ ਨੂੰ ਅੰਨਦਾਤਾ ਤੋਂ 'ਊਰਜਾਦਾਤਾ' ਤੇ 'ਤੇਲਦਾਤਾ' ਬਣਾਏਗੀ ਭਾਰਤ ਸਰਕਾਰ, ਨਿਤਿਨ ਗਡਕਰੀ ਦਾ ਐਲਾਨ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਕਣਕ, ਝੋਨਾ ਤੇ ਗੰਨਾ ਸਣੇ ਹੋਰ ਫਸਲਾਂ ਦੀ ਪੈਦਾਵਾਰ ਕੀਤੀ ਜਾਂਦਾ ਹੈ, ਪਰ ਇਹ ਸਭ ਕੁਝ ਦੇਸ਼ ਵਿੱਚ ਸਰਪਲੱਸ ਹੋਣ ਕਰਕੇ ਕਿਸਾਨਾਂ ਨੂੰ ਸਹੀ ਭਾਅ ਨਹੀਂ ਮਿਲਦਾ ਹੈ।
Chandigarh News: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਕਣਕ, ਝੋਨਾ ਤੇ ਗੰਨਾ ਸਣੇ ਹੋਰ ਫਸਲਾਂ ਦੀ ਪੈਦਾਵਾਰ ਕੀਤੀ ਜਾਂਦਾ ਹੈ, ਪਰ ਇਹ ਸਭ ਕੁਝ ਦੇਸ਼ ਵਿੱਚ ਸਰਪਲੱਸ ਹੋਣ ਕਰਕੇ ਕਿਸਾਨਾਂ ਨੂੰ ਸਹੀ ਭਾਅ ਨਹੀਂ ਮਿਲਦਾ ਹੈ। ਉਨ੍ਹਾਂ ਕਿਹਾ, ‘‘ਕਿਸਾਨਾਂ ਨੂੰ ਅੰਨਦਾਤਾ ਤੋਂ ਊਰਜਾਦਾਤਾ ਤੇ ਤੇਲਦਾਤਾ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਅਸੀਂ ਜਿਹੜਾ 16 ਲੱਖ ਕਰੋੜ ਰੁਪਏ ਦਾ ਤੇਲ ਬਾਹਰੋਂ ਮੰਗਵਾਉਂਦੇ ਹਾਂ, ਉਸ ਦੀ ਲੋੜ ਨਹੀਂ ਪਵੇਗੀ। ਇਸ ਨਾਲ 16 ਲੱਖ ਕਰੋੜ ਰੁਪਏ ਦੀ ਬੱਚਤ ਹੋਵੇਗੀ ਤੇ ਇਹ ਪੈਸੇ ਦੇਸ਼ ਦੇ ਪਿੰਡਾਂ ਦੇ ਵਿਕਾਸ ਲਈ ਖਰਚ ਕੀਤੇ ਜਾਣਗੇ, ਜਿਸ ਨਾਲ ਭਾਰਤ ਦੇ ਸਾਰੇ ਪਿੰਡ ਸਮਾਰਟ ਬਣ ਸਕਣਗੇ।’’
ਉਹ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਭਾਜਪਾ ਉਮੀਦਵਾਰ ਸੰਜੇ ਟੰਡਨ ਦੀ ਹਮਾਇਤ ਵਿੱਚ ਵੱਖ-ਵੱਖ ਵਰਗ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਗਡਕਰੀ ਨੇ ਕਿਹਾ, ‘‘ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਸਾਡੇ ਹਿੱਸੇ ਦਾ ਵਧੇਰਾ ਪਾਣੀ ਪਾਕਿਸਤਾਨ ਵਿੱਚ ਜਾ ਰਿਹਾ ਸੀ ਤੇ ਪੰਜਾਬ-ਹਰਿਆਣਾ ਆਪਸ ਵਿੱਚ ਪਾਣੀ ਲਈ ਲੜਨ ਲੱਗੇ ਹੋਏ ਸਨ। ਮੋਦੀ ਸਰਕਾਰ ਨੇ ਪਾਕਿਸਤਾਨ ਵਿੱਚ ਜਾਣ ਵਾਲੇ ਵਾਧੂ ਪਾਣੀ ਨੂੰ ਪੰਜਾਬ ਵਿੱਚ ਹੀ ਰੋਕ ਲਿਆ ਹੈ। ਇਸ ਨਾਲ ਪੰਜਾਬ ਤੇ ਹਰਿਆਣਾ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੋਵੇਗੀ।’’
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਕਿਸ਼ੋਰ ਤੇ ਰੇਣੂਕਾ ਡੈਮ ਬਣਾਏ ਜਾ ਰਹੇ ਹਨ। ਇਨ੍ਹਾਂ ਰਾਹੀਂ ਦਿੱਲੀ ਨੂੰ 2070 ਤੱਕ ਪਾਣੀ ਮਿਲ ਸਕੇਗਾ। ਦੂਜੇ ਪਾਸੇ ਪੰਜਾਬ ਤੇ ਹਰਿਆਣਾ ਨੂੰ ਵੀ ਵਧੇਰੇ ਪਾਣੀ ਮਿਲੇਗੀ। ਸ੍ਰੀ ਗਡਕਰੀ ਨੇ ਕਿਹਾ ਕਿ ਸਾਲ 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਕਾਂਗਰਸ ਪਾਰਟੀ ਨੇ 60 ਸਾਲ ਦੇਸ਼ ’ਤੇ ਰਾਜ ਕੀਤਾ ਹੈ। ਇਸ ਦੌਰਾਨ ਕਾਂਗਰਸ ਨੇ ਲੋਕਾਂ ਨੂੰ ਝੂਠ ਬੋਲਣ ਤੋਂ ਇਲਾਵਾ ਕੁਝ ਨਹੀਂ ਕੀਤਾ। ਕਾਂਗਰਸ ਪਾਰਟੀ ਨੇ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਸੀ, ਪਰ ਗਰੀਬੀ ਖ਼ਤਮ ਨਾ ਕਰ ਸਕੇ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚੋਂ ਗਰੀਬੀ ਨੂੰ ਖ਼ਤਮ ਕਰਨ ਲਈ ਖੇਤੀ ਤੇ ਇੰਡਸਟਰੀ ਨੂੰ ਪ੍ਰਫੁੱਲਤ ਕਰਨਾ ਜ਼ਰੂਰੀ ਹੈ। ਇਨ੍ਹਾਂ ਦੋਵੇਂ ਖੇਤਰਾਂ ਨੂੰ ਪ੍ਰਫੁੱਲਿਤ ਕਰਨ ਦਾ ਕੰਮ ਭਾਜਪਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜੋ ਕਿਹਾ ਹੈ ਉਹ ਕਰਕੇ ਦਿਖਾਇਆ ਹੈ। ਪਿਛਲੇ 10 ਸਾਲਾਂ ਵਿੱਚ ਉਹ ਖੁਦ ਦੇਸ਼ ਵਿੱਚ 50 ਲੱਖ ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਕਰਵਾ ਚੁੱਕੇ ਹਨ।
ਇਸ ਮੌਕੇ ਗਡਕਰੀ ਨੇ ਕੇਂਦਰ ਸਰਕਾਰ ਦੇ ਕੰਮਾਂ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਦੁਨੀਆ ਦਾ ਤੀਜਾ ਸਭ ਤੋਂ ਮਜ਼ਬੂਤ ਅਰਥਚਾਰਾ ਤਿਆਰ ਕਰਨਾ ਚਾਹੁੰਦੇ ਹਨ, ਇਸ ਲਈ ਤੀਜੀ ਵਾਰ ਭਾਜਪਾ ਨੂੰ ਵੋਟ ਪਾ ਕੇ ਕਾਮਯਾਬ ਕੀਤਾ ਜਾਵੇ, ਜਿਸ ਨਾਲ ਮੋਦੀ ਦਾ ਸੁਫਨਾ ਪੁਰਾ ਕੀਤਾ ਜਾ ਸਕੇ।