ਨਵੀਂ ਦਿੱਲੀ: ਸਰਕਾਰ ਨੇ ਸਾਰੀਆਂ ਬੈਂਕਾਂ ਦੇ ਏਟੀਐਮ ਨਾਲ ਸਬੰਧਤ ਨਿਯਮਾਂ ਨੂੰ ਬਦਲ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਨਿਰਦੇਸ਼ ਵਿੱਚ ਪੁਰਾਣੇ ਕਈ ਨਿਯਮਾਂ ਵਿੱਚ ਬਦਲਾਅ ਕਰਨ ਲਈ ਕਿਹਾ ਗਿਆ ਹੈ। ਇਵੇਂ ਹੀ ਕੈਸ਼ ਵੈਨ ਤੇ ਉਸ ਵਿੱਚ ਤਾਇਨਾਤ ਸਟਾਫ ਦੀ ਸੁਰੱਖਿਆ ਲਈ ਵੀ ਕਿਹਾ ਗਿਆ ਹੈ। ਪਿਛਲੇ ਕੁਝ ਸਾਲਾਂ ਤੋਂ ਕੈਸ਼ ਵੈਨ ਤੋਂ ਨਕਦੀ ਲੁੱਟਣ ਤੇ ਹੋਰ ਵੱਖ-ਵੱਖ ਵਾਰਦਾਤਾਂ ਸਾਹਮਣੇ ਆਉਣ ਬਾਅਦ ਇਹ ਬਦਲਾਅ ਕੀਤੇ ਗਏ ਹਨ।

ਸਰਕਾਰ ਨੇ ਕਿਹਾ ਹੈ ਕਿ ਸ਼ਹਿਰੀ ਇਲਾਕਿਆਂ ਵਿੱਚ ਰਾਤ 9 ਵਜੇ ਤੋਂ ਬਾਅਦ ਏਟੀਐਮ ਵਿੱਚ ਕੈਸ਼ ਨਹੀਂ ਭਰਿਆ ਜਾਏਗਾ। ਸੁਰੱਖਿਆ ਦੇ ਮੱਦੇਨਜ਼ਰ ਇਹ ਵੀ ਕਿਹਾ ਗਿਆ ਹੈ ਕਿ ਇੱਕ ਕੈਸ਼ ਵੈਨ ਵਿੱਚ ਸਿੰਗਲ ਟਰਿੱਪ ਵਿੱਚ 5 ਕਰੋੜ ਤੋਂ ਵੱਧ ਰਕਮ ਨਹੀਂ ਰੱਖ ਜਾਏਗੀ। ਇਸ ਦੇ ਨਾਲ ਹੀ ਵੈਨ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਕਿਸੇ ਤਰ੍ਹਾਂ ਦੇ ਹਮਲੇ, ਅਪਰਾਧਕ ਵਾਹਨਾਂ ਦਾ ਪਿੱਛਾ ਕਰਨ ਤੇ ਹੋਰ ਖਤਰਿਆਂ ਨਾਲ ਨਿਪਟਣ ਲਈ ਸਿਖਲਾਈ ਦਿੱਤੀ ਜਾਏਗੀ।

ਏਟੀਐਮ ਤੇ ਕੈਸ਼ ਵੈਨ ਨਾਲ ਜੁੜੇ ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਕੈਸ਼ ਟਰਾਂਸਪੋਰਟੇਸ਼ਨ ਨਾਲ ਸਬੰਧਤ ਸਾਰੇ ਮੁਲਾਜ਼ਮਾਂ ਦਾ ਪਿਛੋਕੜ ਜਾਣਨ ਲਈ ਉਨ੍ਹਾਂ ਦੀ ਆਧਾਰ ਵੈਰੀਫਿਕੇਸ਼ਨ ਕਰਾਉਣਾ ਜ਼ਰੂਰੀ ਹੋਏਗਾ।

ਇਸ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ ਸ਼ਾਮ 6 ਵਜੇ ਦੇ ਬਾਅਦ ਕਿਸੇ ਵੀ ਏਟੀਐਮ ਵਿੱਚ ਕੈਸ਼ ਨਹੀਂ ਭਰਿਆ ਜਾਏਗਾ। ਇੱਕ ATM ਵਿੱਚ ਲੋਡ ਕਰਨ ਲਈ ਕੈਸ਼ ਨੂੰ ਪਿਛਲੇ ਦਿਨ ਜਾਂ ਦਿਨ ਦੀ ਸ਼ੁਰੂਆਤ ਵਿੱਚ ਹੀ ਬੈਂਕ ਤੋਂ ਲੈ ਲਿਆ ਜਾਏਗਾ।

ਸਾਰੀਆਂ ਕੈਸ਼ ਵੈਨਾਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ GSM ਆਧਾਰਤ ਆਟੋ ਡਾਇਲਰ ਨਾਲ ਸਕਿਉਰਟੀ ਅਲਾਰਮ ਤੇ ਮੋਟਰਾਈਜ਼ਡ ਸਾਇਰਨ ਲਾਏ ਜਾਣਗੇ। ਹੁਣ ਕੈਸ਼ ਵੈਨਾਂ ਵਿੱਚ ਸੀਸੀਟੀਵੀ, ਲਾਈਵ GPS ਟਰੈਕਿੰਗ ਸਿਸਟਮ ਤੇ ਬੰਦੂਕਾਂ ਨਾਲ ਘੱਟੋ-ਘੱਟ ਦੋ ਜਵਾਨ ਤਾਇਨਾਤ ਰਹਿਣਗੇ। ਇਨ੍ਹਾਂ ਦੀਆਂ ਬੰਦੂਕਾਂ ਨਾਲ ਦੋ ਸਾਲਾਂ ਵਿੱਚ ਘੱਟੋ-ਘੱਟ ਇੱਕ ਵਾਰ ਟੈਸਟ ਫਾਇਰਿੰਗ ਕੀਤੀ ਜਾਏਗੀ ਤੇ ਬੰਦੂਕਾਂ ਦੀਆਂ ਗੋਲ਼ੀਆਂ ਵੀ ਹਰ ਦੋ ਸਾਲਾਂ ਵਿੱਚ ਬਦਲੀਆਂ ਜਾਣਗੀਆਂ।

ਸਰਕਾਰੀ ਨਿਰਦੇਸ਼ਾਂ ਮੁਤਾਬਕ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਸ਼ਾਮ 4 ਵਜੇ ਦੇ ਬਾਅਦ ATM ਵਿੱਚ ਕੈਸ਼ ਲੋਡ ਨਹੀਂ ਕੀਤਾ ਜਾਏਗਾ। ਮੌਜੂਦਾ ਸਮੇਂ ਵਿੱਚ ਕਰੀਬ 8 ਹਜ਼ਾਰ ਪ੍ਰਾਈਵੇਟ ਵੈਨਾਂ ਪ੍ਰਤੀਦਿਨ ਕਰੀਬ 15 ਹਜ਼ਾਰ ਕਰੋੜ ਰੁਪਏ  ਬੈਂਕ, ਕਰੰਸੀ ਚੈਸਟ ਤੇ ਏਟੀਐਮ ਲਿਜਾਉਂਦੀਆਂ ਹਨ।