ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਸ਼ਹਿਰ ਸੋਨਭੱਦਰ ਵਿੱਚ ਸੋਨੇ ਦੀਆਂ ਖਾਣਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਮੀਡੀਆ ਵਿੱਚ ਇਸ ਦੀ ਖੂਬ ਚਰਚਾ ਹੈ ਪਰ ਅਜੇ ਤੱਕ ਸਰਕਾਰ ਇਸ ਬਾਰੇ ਕੁਝ ਵੀ ਖੁੱਲ੍ਹ ਕੇ ਨਹੀਂ ਬੋਲ ਰਹੀ। ਉਧਰ, ਜੀਓਲੋਜੀਕਲ ਸਰਵੇ ਆਫ ਇੰਡੀਆ ਵੱਲੋਂ ਅਜਿਹੀਆਂ ਖਾਣਾਂ ਮਿਲਣ ਤੋਂ ਇਨਕਾਰ ਕੀਤਾ ਹੈ। ਇਸ ਕਰਕੇ ਇਸ ਮਾਮਲੇ 'ਤੇ ਸਿਆਸਤ ਵੀ ਭਖ ਗਈ ਹੈ।


ਅੰਮ੍ਰਿਤਸਰ ਹਲਕੇ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪਿਛਲੇ ਦਿਨੀਂ ਸੋਨਭੱਦਰ ਵਿੱਚ ਸੋਨੇ ਦੀਆਂ ਖਾਣਾਂ ਮਿਲਣ ਦੀਆਂ ਖਬਰਾਂ ਨਸ਼ਰ ਹੋਣ ਉਪਰੰਤ ਜੀਓਲੋਜੀਕਲ ਸਰਵੇ ਆਫ ਇੰਡੀਆ ਵੱਲੋਂ ਖੰਡਨ ਕਰਨਾ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਕਮਿਸ਼ਨ ਦਾ ਗਠਨ ਕਰਕੇ ਇਸ ਦੀ ਸੱਚਾਈ ਲੋਕਾਂ ਸਾਹਮਣੇ ਲਿਆਏ।

ਔਜਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਸ਼ੱਕ ਪ੍ਰਗਟਾਇਆ ਹੈ ਕਿ ਇੱਕ ਪਾਸੇ ਸੋਨਭੱਦਰ ਵਿੱਚ ਕਰੀਬ 3 ਹਜ਼ਾਰ ਟਨ ਸੋਨਾ (ਜਿਸ ਦੀ ਕੀਮਤ 12 ਲੱਖ ਕਰੋੜ ਰੁਪਏ ਬਣਦੀ ਹੈ) ਮਿਲਣ ਦੀਆਂ ਖਬਰਾਂ ਮੀਡੀਆ ਵਿੱਚ ਸੁਰਖੀਆਂ ਬਣੀਆਂ ਹੋਈਆਂ ਹਨ, ਉੱਥੇ ਹੀ ਭੂ-ਵਿਗਿਆਨਿਕ ਸਰਵੇਖਣ ਵਿਭਾਗ ਨੇ ਸੋਨਭੱਦਰ ਵਿੱਚ ਬਿਲਕੁਲ ਹੀ ਸੋਨਾ ਨਾ ਹੋਣ ਸਬੰਧੀ ਆਪਣਾ ਬਿਆਨ ਜਾਰੀ ਕੀਤਾ ਹੈ।

ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇੰਨੀ ਵੱਡੀ ਮਾਤਰਾ ਵਿੱਚ ਸੋਨਾ ਮਿਲਣ ਦੀਆਂ ਖਬਰਾਂ ਦੀ ਸੱਚਾਈ ਜਾਣਨ ਲਈ ਪਾਰਲੀਮੈਂਟਰੀ ਤੇ ਜੁਡੀਸ਼ੀਅਲ਼ ਕਮਿਸ਼ਨ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਜੋ ਸੋਨੇ ਦੀ ਖਾਣਾਂ ਮਿਲਣ ਦੀ ਪੜਤਾਲ ਕਰਕੇ ਸਚਾਈ ਨੂੰ ਜਨਤਾ ਸਾਹਮਣੇ ਲਿਆਵੇ। ਉਨ੍ਹਾਂ ਕਿਹਾ ਕਿ ਜੇਕਰ ਸੋਨਭੱਦਰ ਵਿਚ ਸੋਨੇ ਦੀਆਂ ਖਾਣਾਂ ਮਿਲਣ ’ਚ ਸੱਚਾਈ ਹੈ ਤਾਂ ਇਨ੍ਹਾਂ ਖਾਣਾਂ ਦੀ ਖੁਦਾਈ ਕਰਨ ਤੇ ਉਨ੍ਹਾਂ ਦੀ ਨਿਗਰਾਨੀ ਲਈ ਵੀ ਸਾਂਝਾ ਕਮਿਸ਼ਨ ਕਾਇਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੋਨਭੱਦਰ ਵਿੱਚ ਮਿਲੇ ਸੋਨੇ ਦੇ ਭੰਡਾਰਾਂ ਵਿੱਚ ਜੇਕਰ ਅਨੁਮਾਨਿਤ ਵਜ਼ਨ ਅਨੁਸਾਰ ਸੋਨਾ ਮਿਲਦਾ ਹੈ ਤਾਂ ਇਸ ਨਾਲ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ।