ਟ੍ਰੇਨ 'ਚ ਸਾਮਾਨ ਲਿਜਾਣ 'ਤੇ ਨਹੀਂ ਲੱਗੇਗਾ ਕੋਈ ਵਾਧੂ ਪੈਸਾ, ਰੇਲਵੇ ਨੇ ਨਵੀਂ ਸਾਮਾਨ ਨੀਤੀ ਨੂੰ ਦੱਸਿਆ ਅਫਵਾਹ
ਭਾਰਤੀ ਰੇਲਵੇ ਨੇ ਰੇਲਗੱਡੀ 'ਚ ਇਕ ਸੀਮਾ ਤੋਂ ਜ਼ਿਆਦਾ ਸਾਮਾਨ ਲਿਜਾਣ 'ਤੇ ਜੁਰਮਾਨਾ ਜਾਂ ਜ਼ਿਆਦਾ ਕਿਰਾਏ ਨਾਲ ਜੁੜੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ।
ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਰੇਲਗੱਡੀ 'ਚ ਇਕ ਸੀਮਾ ਤੋਂ ਜ਼ਿਆਦਾ ਸਾਮਾਨ ਲਿਜਾਣ 'ਤੇ ਜੁਰਮਾਨਾ ਜਾਂ ਜ਼ਿਆਦਾ ਕਿਰਾਏ ਨਾਲ ਜੁੜੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਯਾਨੀ ਟਰੇਨ 'ਚ ਬੁਕਿੰਗ ਕੀਤੇ ਬਿਨਾਂ ਸਾਮਾਨ ਲੈ ਕੇ ਜਾਣ 'ਤੇ ਤੁਹਾਨੂੰ ਕੋਈ ਵਾਧੂ ਪੈਸਾ ਖਰਚ ਨਹੀਂ ਕਰਨਾ ਪਵੇਗਾ।
ਰੇਲ ਗੱਡੀਆਂ ਵਿੱਚ ਨਵੀਂ ਸਮਾਨ ਨੀਤੀ ਅਤੇ ਨਿਰਧਾਰਤ ਸੀਮਾ ਤੋਂ ਵੱਧ ਸਾਮਾਨ ਲਿਜਾਣ 'ਤੇ ਜੁਰਮਾਨਾ ਜਾਂ ਵੱਧ ਕਿਰਾਏ ਦੀ ਖ਼ਬਰ 'ਤੇ ਰੇਲਵੇ ਨੇ ਇੱਕ ਟਵੀਟ ਵੀ ਕੀਤਾ ਹੈ। ਰੇਲਵੇ ਨੇ ਇੱਕ ਟਵੀਟ ਵਿੱਚ ਲਿਖਿਆ ਕਿ, ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਡਿਜੀਟਲ ਨਿਊਜ਼ ਚੈਨਲਾਂ 'ਤੇ ਖ਼ਬਰਾਂ ਪ੍ਰਕਾਸ਼ਤ ਹੋਈਆਂ ਹਨ ਕਿ ਪਿਛਲੇ ਕੁਝ ਦਿਨਾਂ ਵਿੱਚ ਰੇਲਵੇ ਦੁਆਰਾ ਯਾਤਰਾ ਦੌਰਾਨ ਸਾਮਾਨ ਲਿਜਾਣ ਦੀ ਨੀਤੀ ਵਿੱਚ ਬਦਲਾਅ ਕੀਤਾ ਗਿਆ ਹੈ।
ਇਸ ਸਬੰਧ ਵਿੱਚ, ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਸ ਸਬੰਧ ਵਿੱਚ ਭਾਰਤੀ ਰੇਲਵੇ ਵੱਲੋਂ ਅਜੇ ਤੱਕ ਕੋਈ ਸਰਕੂਲਰ/ਆਰਡਰ ਜਾਰੀ ਨਹੀਂ ਕੀਤਾ ਗਿਆ ਹੈ। ਮੌਜੂਦਾ ਨੀਤੀ ਬਹੁਤ ਪੁਰਾਣੀ ਹੈ ਅਤੇ 10 ਸਾਲਾਂ ਤੋਂ ਵੱਧ ਸਮੇਂ ਤੋਂ ਲਾਗੂ ਹੈ।
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਮੀਡੀਆ 'ਚ ਖਬਰਾਂ ਆ ਰਹੀਆਂ ਸਨ ਕਿ ਰੇਲਵੇ ਨੇ ਸਾਮਾਨ ਦੀ ਪਾਲਿਸੀ 'ਚ ਬਦਲਾਅ ਕੀਤਾ ਹੈ। ਮੀਡੀਆ 'ਚ ਚੱਲ ਰਹੀਆਂ ਖਬਰਾਂ ਮੁਤਾਬਕ ਭਾਰਤੀ ਰੇਲਵੇ ਹੁਣ ਸੀਮਾ ਤੋਂ ਜ਼ਿਆਦਾ ਸਾਮਾਨ ਲਿਜਾਣ 'ਤੇ ਯਾਤਰੀਆਂ 'ਤੇ ਭਾਰੀ ਜੁਰਮਾਨਾ ਲਗਾਏਗਾ। ਜੇਕਰ ਤੁਸੀਂ ਬਿਨਾਂ ਬੁਕਿੰਗ ਕੀਤੇ ਵਾਧੂ ਸਮਾਨ ਲਿਜਾਂਦੇ ਫੜੇ ਜਾਂਦੇ ਹੋ, ਤਾਂ ਤੁਹਾਨੂੰ ਹੁਣ ਆਮ ਦਰਾਂ ਤੋਂ ਛੇ ਗੁਣਾ ਭੁਗਤਾਨ ਕਰਨਾ ਹੋਵੇਗਾ।
ਨਿਯਮਾਂ ਮੁਤਾਬਕ, ਯਾਤਰੀ ਜਿਸ ਸ਼੍ਰੇਣੀ 'ਚ ਸਫਰ ਕਰ ਰਿਹਾ ਹੈ, ਉਸ 'ਤੇ ਨਿਰਭਰ ਕਰਦਾ ਹੈ ਕਿ ਟਰੇਨ ਦੇ ਡੱਬੇ 'ਚ ਯਾਤਰੀ 40 ਕਿਲੋ ਤੋਂ 70 ਕਿਲੋ ਤੱਕ ਦਾ ਭਾਰੀ ਸਾਮਾਨ ਲਿਜਾ ਸਕਦੇ ਹਨ। ਜੇਕਰ ਵਾਧੂ ਸਮਾਨ ਹੈ, ਤਾਂ ਯਾਤਰੀ ਨੂੰ ਵਾਧੂ ਚਾਰਜ ਦੇਣਾ ਪੈ ਸਕਦਾ ਹੈ।